Prime Minister Narendra Modi Mann ki Baat: ਸਾਡੇ ਤਿਉਹਾਰ ਦੇਸ਼ ਦੀ ਵਿਭਿੰਨਤਾ ਵਿੱਚ ਏਕਤਾ ਨੂੰ ਦਰਸਾਉਂਦੇ ਹਨ: ਮੋਦੀ
ਨਵੀਂ ਦਿੱਲੀ, 30 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੱਜ ਮਨਾਏ ਜਾ ਰਹੇ ਅਤੇ ਆਉਣ ਵਾਲੇ ਦਿਨਾਂ ਵਿੱਚ ਮਨਾਏ ਜਾਣ ਵਾਲੇ ਵੱਖ-ਵੱਖ ਤਿਉਹਾਰ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਦਰਸਾਉਂਦੇ ਹਨ। ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ਭਾਵਨਾ ਨੂੰ ਮਜ਼ਬੂਤ ਕਰਦੇ ਰਹਿਣ ਲਈ ਕਿਹਾ।
ਆਪਣੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਵੱਖ-ਵੱਖ ਸੂਬੇ ਅੱਜ ਆਪਣਾ ਰਵਾਇਤੀ ਨਵਾਂ ਸਾਲ ਮਨਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੀ ਮਨਾਉਣਗੇ। ਇਸ ਵੇਲੇ ਈਦ ਸਣੇ ਹੋਰ ਤਿਉਹਾਰ ਮਨਾਏ ਜਾ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਤਿਉਹਾਰਾਂ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਵੀ ਕੁਝ ਹਫ਼ਤਿਆਂ ਬਾਅਦ ਆ ਜਾਣਗੀਆਂ, ਗਰਮੀਆਂ ਦੇ ਲੰਬੇ ਦਿਨ ਵਿਦਿਆਰਥੀਆਂ ਲਈ ਨਵੇਂ ਸ਼ੌਕ ਪੈਦਾ ਕਰਨ ਅਤੇ ਆਪਣੇ ਹੁਨਰਾਂ ਨੂੰ ਨਿਖਾਰਨ ਦਾ ਸਮਾਂ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਦੀ ਪੇਸ਼ਕਸ਼ ਕਰਨ ਵਾਲਿਆਂ ਨੂੰ ‘ਮਾਈ ਹੋਲੀਡੇਜ਼’ ਹੈਸ਼ਟੈਗ ਦੀ ਵਰਤੋਂ ਕਰਨ ਅਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ‘ਹੋਲੀਡੇਅ ਮੈਮੋਰੀਜ਼’ ਹੈਸ਼ਟੈਗ ਨਾਲ ਆਪਣੇ ਤਜਰਬੇ ਸਾਂਝੇ ਕਰਨ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਵੱਖ-ਵੱਖ ਤਰੀਕਿਆਂ ਨਾਲ ਪਾਣੀ ਦੀ ਸੰਭਾਲ ਕਰਨ ’ਤੇ ਜ਼ੋਰ ਦਿੰਦਿਆਂ ‘ਕੈਚ ਦਿ ਰੇਨ’ ਮੁਹਿੰਮ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸੱਤ ਤੋਂ ਅੱਠ ਸਾਲਾਂ ਵਿੱਚ ਅਜਿਹਾ ਕਰ ਕੇ 11 ਬਿਲੀਅਨ ਘਣ ਮੀਟਰ ਤੋਂ ਵੱਧ ਪਾਣੀ ਬਚਾਇਆ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਭਾਰਤ ਵੱਲੋਂ ਮਨੁੱਖਤਾ ਨੂੰ ਇੱਕ ਅਨਮੋਲ ਤੋਹਫ਼ਾ ਹੈ।
ਉਨ੍ਹਾਂ ਕਿਹਾ ਕਿ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਹੁਣ ਇੱਕ ਸ਼ਾਨਦਾਰ ਜਸ਼ਨ ਬਣ ਗਿਆ ਹੈ, ਉਨ੍ਹਾਂ ਕਿਹਾ ਕਿ ਇਸ ਸਾਲ ਇਸ ਸਮਾਗਮ ਦਾ ਥੀਮ ‘ਯੋਗਾ ਫਾਰ ਵਨ ਅਰਥ ਵਨ ਹੈਲਥ’ ਹੈ। ਪੀਟੀਆਈ