ਦਿੱਲੀ ਦੇ ਦਵਾਰਕਾ ਵਿੱਚ ਗੈਂਗਸਟਰ ਦੀ ਪਤਨੀ ਸਮੇਤ ਚਾਰ ਗ੍ਰਿਫ਼ਤਾਰ
ਨਵੀਂ ਦਿੱਲੀ, 22 ਮਾਰਚ
ਦਿੱਲੀ ਪੁਲੀਸ ਨੇ ਦਵਾਰਕਾ ਖੇਤਰ ਵਿੱਚ ਇਕ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਗੈਂਗਸਟਰ ਦੀ ਪਤਨੀ ਅਤੇ ਨਾਬਾਲਗ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਵਿਕਾਸ ਉਰਫ਼ ਵਿੱਕੀ, ਰੋਹਿਤ ਉਰਫ਼ ਰੌਕੀ, ਗੀਤਿਕਾ ਉਰਫ਼ ਗੀਤੂ ਅਤੇ ਇੱਕ ਨਾਬਾਲਗ ਵਜੋਂ ਹੋਈ ਹੈ। ਗੀਤਿਕਾ ਕਾਲਾ-ਜਠੇੜੀ ਗੈਂਗ ਦੇ ਮੈਂਬਰ ਗੈਂਗਸਟਰ ਸਚਿਨ ਉਰਫ਼ ਭਾਣਜਾ ਦੀ ਪਤਨੀ ਹੈ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦਵਾਰਕਾ) ਅੰਕਿਤ ਸਿੰਘ ਨੇ ਕਿਹਾ, "10 ਮਾਰਚ ਨੂੰ ਚਾਰ ਵਿਅਕਤੀ ਝੜੋਦਾ ਕਲਾਂ ਵਿਚ ਇਕ ਸ਼ਿਕਾਇਤਕਰਤਾ ਦੇ ਘਰ ਵਿੱਚ ਪਹੁੰਚੇ ਅਤੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਬੰਦੂਕ ਦੀ ਨੋਕ ’ਤੇ ਧਮਕੀ ਦਿੱਤੀ ਅਤੇ ਸਚਿਨ ਤਰਫੋਂ ਪੈਸੇ ਦੀ ਮੰਗ ਕੀਤੀ।"
ਅਧਿਕਾਰੀਆਂ ਨੇ ਕਿਹਾ ਕਿ ਗੀਤਿਕਾ ਨੂੰ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਦੁਲਹੇੜਾ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਬਾਅਦ ਵਿੱਚ ਛਾਪੇਮਾਰੀ ਕਰਨ ਤੋਂ ’ਤੇ ਵਿੱਕੀ, ਰੌਕੀ ਅਤੇ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਹਾਲ ਹੀ ਵਿੱਚ ਪੈਰੋਲ ’ਤੇ ਰਿਹਾਅ ਹੋਇਆ ਵਿੱਕੀ ਗੀਤਿਕਾ ਨਾਲ ਤਿਹਾੜ ਜੇਲ੍ਹ ਵਿੱਚ ਸਚਿਨ ਨੂੰ ਮਿਲਿਆ ਸੀ। ਸਚਿਨ ਨੇ ਕਥਿਤ ਤੌਰ 'ਤੇ ਉਸਨੂੰ ਸਥਾਨਕ ਪ੍ਰਾਪਰਟੀ ਡੀਲਰਾਂ ਨੂੰ ਡਰਾਉਣ ਲਈ ਕਿਹਾ ਸੀ।
ਉਨ੍ਹਾਂ ਕਿਹਾ ਕਿ ਵਿੱਕੀ ਖ਼ਿਲਾਫ਼ ਰੋਹਤਕ ਅਤੇ ਸੋਨੀਪਤ ਵਿੱਚ ਤਿੰਨ ਕਤਲ ਦੇ ਮਾਮਲੇ ਦਰਜ ਹਨ, ਜਦੋਂ ਕਿ ਰੋਹਿਤ ਦੋ ਕਤਲ ਦੇ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ। -ਪੀਟੀਆਈ