ਰੁਬਾਈਆਂ
ਰੁਬਾਈਆਂ
ਸੁਖਦਰਸ਼ਨ ਗਰਗ
ਦਿਲ ਦੀ ਘੁੰਡੀ ਖੋਲ੍ਹਣ ਨੂੰ ਜੀ ਕਰਦਾ ਹੈ।
ਨਾਲ ਮੁਹੱਬਤ ਬੋਲਣ ਨੂੰ ਜੀ ਕਰਦਾ ਹੈ।
ਸੱਚ ਤਾਂ ਸੱਚ ਹੈ ਸੱਚ ਨੇ ਪੱਲੇ ਰਹਿਣਾ ਏ,
ਵਿੱਚ ਹਵਾ ਪਰ ਤੋਲਣ ਨੂੰ ਜੀ ਕਰਦਾ ਹੈ।
ਹੁਸਨ ਤੇਰੇ ਦੀਆਂ ਗੱਲਾਂ ਤੁਰੀਆਂ।
ਗੱਲਾਂ ਵਿੱਚੋਂ ਗੱਲਾਂ ਫੁਰੀਆਂ।
ਬਹਿ ਗਏ ਰਾਹ ਵਿੱਚ ਘਾਤ ਲਗਾ ਕੇ,
ਫੜੀਆਂ ਨੇ ਹੱਥਾਂ ਵਿੱਚ ਛੁਰੀਆਂ।
ਪਾਰਕਾਂ ‘ਚ ਬਹਿ ਕੇ ਬਾਬੇ ਦੁੱਖ ਸੁੱਖ ਫੋਲਦੇ।
ਜ਼ਿੰਦਗੀ ਦੇ ਰਾਜ਼ ਇੱਕ ਦੂਜੇ ਅੱਗੇ ਖੋਲ੍ਹਦੇ।
ਮਨ ਦੀ ਭੜਾਸ ਕੱਢ ਹੌਲੇ ਫੁੱਲ ਹੋ ਜਾਂਦੇ,
ਘਰਾਂ ਦੇ ਝਮੇਲੇ ਨੇ, ਬੁਢਾਪਾ ਸਦਾ ਰੋਲਦੇ।
ਸੰਪਰਕ: 93560-60980
* * *
ਅਹਿਸਾਸ
ਦੀਪਿਕਾ ਅਰੋੜਾ
ਬੜੇ ਗ਼ਮਗ਼ੀਨ ਨੇ ਸਾਏ, ਉਜੜੀਆਂ ਮਹਿਫ਼ਿਲਾਂ ਵਰਗੇ।
ਤਕਾਲੀਂ ਦੀਪ ਲੱਗਦੇ ਨੇ, ਤੇਰੀ ਹੀ ਦਸਤਕਾਂ ਵਰਗੇ।
ਜਦੋਂ ਦਾ ਵਾਰ ਕੀਤਾ ਹੈ, ਰਫ਼ੀਕਾਂ ਨੇ ਵਫ਼ਾਵਾਂ ‘ਤੇ
(ਕਿ) ਪਰਛਾਵੇਂ ਵੀ ਹੁਣ ਜਾਪਣ, ਅਸਾਂ ਨੂੰ ਮੁਲਜ਼ਮਾਂ ਵਰਗੇ।
ਤੂਫ਼ਾਨੀ ਲਹਿਰਾਂ ਸਨ ਕਾਬਜ਼, ਜਦੋਂ ਸਾਹਾਂ ਦੀ ਗਿਣਤੀ ‘ਤੇ
ਕਿਨਾਰੇ ਖੜ੍ਹ ਰਹੇ ਤੱਕਦੇ, ਓਹ ਹਮਦਮ ਕਿਸ਼ਤੀਆਂ ਵਰਗੇ।
ਗ਼ਮਾਂ ਦਾ ਦੌਰ ਤਾਂ ਲੰਘਿਆ, ਨਿਸ਼ਾਂ ਪਰ ਅੱਜ ਵੀ ਬਾਕੀ ਹੈ
ਦਿਲਾਂ ਦੇ ਜ਼ਖ਼ਮ ਨਿੱਤ ਧੋਵਣ, ਇਹ ਹੰਝੂ ਮਰਹਮਾਂ ਵਰਗੇ।
ਖ਼ਿਜ਼ਾਵਾਂ ਖ਼ੁਦ ਹੀ ਲੈ ਆਈਆਂ, ਬਹਾਰਾਂ ਨੂੰ ਜਦੋਂ ਇੱਕ ਦਿਨ
ਬਣੇ ਜਿੰਦੜੀ ਦਾ ਸਰਮਾਇਆ, ਓਹ ਕੁਝ ਪਲ ਸੁਪਨਿਆਂ ਵਰਗੇ।
ਸੰਪਰਕ: 90411-60739
* * *
ਗ਼ਜ਼ਲ
ਸਮਿੱਤਰ ਸਿੰਘ ‘ਦੋਸਤ’
ਫੁੱਲਾਂ ਨੂੰ ਤੋੜਨ ਤੋਂ ਪਹਿਲਾਂ ਪੜ੍ਹੋ ਉਨ੍ਹਾਂ ਦੇ ਚਿਹਰੇ।
ਡਾਲੀ ਨਾਲੋਂ ਟੁੱਟ ਕੇ ਖ਼ੁਸ਼ ਨੇ ਜਾਂ ਉਦਾਸ ਨੇ ਚਿਹਰੇ।
ਮਾਪਿਆਂ ਪੈਰੀਂ ਸੱਚੇ ਝੂਠੇ ਹੱਥ ਲਾ ਕੇ ਤਾਂ ਦੇਖੋ,
ਕਿਵੇਂ ਖਿੜ ਜਾਂਦੇ ਨੇ ਚਿਰਾਂ ਤੋਂ ਮੁਰਝਾਏ ਚਿਹਰੇ।
ਧੀ ਹੋਵੇ ਦੁਖੀ ਤਾਂ ਲੈਂਦੇ ਰਹੋ ਪਲ ਪਲ ਉਸਦੀ ਸਾਰ,
ਸੁੱਕੀ ਝੀਲ ਵਾਂਗ ਸੁੱਕ ਜਾਂਦੇ ਨੇ ਧੀਆਂ ਦੇ ਚਿਹਰੇ।
ਉਨ੍ਹਾਂ ਚਿਹਰਿਆਂ ‘ਤੇ ਕਦੋਂ ਆਏਗੀ ਮੁਸਕਰਾਹਟ,
ਜ਼ਿੰਦਗੀ ਦੇ ਦੁੱਖਾਂ ‘ਚ ਜਿਹੜੇ ਹਾਰ ਜਾਂਦੇ ਨੇ ਚਿਹਰੇ।
ਸਬਰ ਸੰਤੋਖ ਤੇ ਧੀਰਜ ਜਿਨ੍ਹਾਂ ਬੰਨ੍ਹ ਲਿਆ ਪੱਲੇ,
ਚੰਨ ਵਾਂਗੂੰ ਠੰਢੇ ਤੇ ਸੀਤਲ ਰਹਿਣ ਉਨ੍ਹਾਂ ਦੇ ਚਿਹਰੇ।
ਕਿਰਤੀ ਲੋਕਾਂ ਦਾ ਹੀ ਸਾਥ ਦਿੰਦੀ ਹੈ ਤਕਦੀਰ,
ਮਿਹਨਤ ਤੇ ਤਕਦੀਰ ਜੁੜ ਕੇ ਖਿੜ ਜਾਣੇ ਨੇ ਚਿਹਰੇ।
‘ਦੋਸਤ’ ਵਕਤ ਦੇ ਅਨੁਸਾਰ ਰਹਿਣਾ ਸਿੱਖ ਜਾਓ,
ਤਾਂ ਰੱਬੀ ਨੂਰ ਦੀ ਤਰ੍ਹਾਂ ਖਿੜੇ ਰਹਿੰਦੇ ਨੇ ਚਿਹਰੇ।
ਸੰਪਰਕ: 92562-92764
* * *
ਗ਼ਜ਼ਲ
ਪ੍ਰੋ. ਮਹਿੰਦਰ ਪਾਲ ਸਿੰਘ ਘੁਡਾਣੀ
ਅੱਜ ਹੀ ਪੁੱਛਾਂਗਾ ਦਿਲ ਨੂੰ ਕੋਲ ਬਿਠਾ ਕੇ,
ਕੀ ਜੀਅ ਲਵੇਂਗਾ ਤੂੰ ਉਸ ਨੂੰ ਭੁਲਾ ਕੇ।
ਗੁੜ ਗੰਨਾ ਤੇ ਸ਼ੱਕਰ ਜਿੰਨੇ ਨੇ ਕੁੱਲ ਮਿੱਠੇ,
ਉਸ ਤੋਂ ਮਿੱਠੇ ਪਿਆਰੇ ਦੇ ਬੋਲ ਦੇਖੋ ਮਿਲਾ ਕੇ।
ਸਿੱਖਿਆ ਹੈ ਮਰਨਾ ਜਿਨ੍ਹਾਂ ਸੁਕਰਾਤ ਕੋਲੋਂ,
ਜ਼ਹਿਰ ਵੀ ਪੀ ਲੈਣਗੇ ਸਭ ਕੁਝ ਭੁਲਾ ਕੇ।
ਕਰਦੇ ਨੇ ਦਗਾ ਸਦਾ ਕਾਲੇ ਦਿਲ ਵਾਲੇ,
ਦੇਖ ਲਿਉ ਭਾਵੇਂ ਦੁੱਧ ਸੱਪਾਂ ਨੂੰ ਪਿਲਾ ਕੇ।
ਰੱਸੀ ਸੜ ਜਾਂਦੀ ਹੈ ਵੱਟ ਨਹੀਂ ਸੜਦਾ,
ਦੇਖ ਲਿਉ ਭਾਵੇਂ ਰੱਸੀ ਨੂੰ ਜਲਾ ਕੇ।
ਭੁੱਲਦਾ ਨਹੀਂ ਰਹਿੰਦਾ ਹੈ ਸੁਪਨਿਆਂ ਵਿੱਚ,
ਦੇਖ ਲਿਆ ਉਸ ਨੂੰ ਬੜਾ ਹੀ ਭੁਲਾ ਕੇ।
ਸੰਪਰਕ: 98147-39531
* * *
ਕਿਤਾਬਾਂ ਬੋਲਦੀਆਂ
ਬੂਟਾ ਗੁਲਾਮੀ ਵਾਲਾ
ਸੜਕਾਂ ਉੱਤੇ ਰੁਲਦੀਆਂ ਹਾਂ
ਤੇ ਕੱਖੋਂ ਹੌਲੇ ਮੁੱਲ ਦੀਆਂ ਹਾਂ
ਵਿੱਚ ਅਲਮਾਰੀਆਂ ਪਈਆਂ,
ਦਿਲ ਦੇ ਦੁੱਖੜੇ ਫੋਲਦੀਆਂ
ਸੁਣ ਲਉ ਦੇਸ਼ ਦੇ ਲੋਕੋ,
ਅਸੀਂ ਕਿਤਾਬਾਂ ਬੋਲਦੀਆਂ
ਵਾਰਿਸ ਬੁੱਲੇ ਵਰਗੀਆਂ ਰੂਹਾਂ ਕਹਿੰਦੀਆਂ ਨੇ
ਮੁੱਖ ਸਾਡੇ ‘ਤੇ ਧੂੜਾਂ ਜੰਮੀਆਂ ਰਹਿੰਦੀਆਂ ਨੇ
ਬਣ ਕੇ ਰੱਦੀ ਆਪਣੇ ਆਪ ਨੂੰ,
ਤੱਕੜੀ ਤੋਲਦੀਆਂ
ਸੁਣ ਲਉ ਦੇਸ਼ ਦੇ ਲੋਕੋ,
ਅਸੀਂ ਕਿਤਾਬਾਂ ਬੋਲਦੀਆਂ
ਪਹਿਲਾਂ ਛਪਦੀਆਂ ਘੱਟ
ਤੇ ਬਹੁਤੀਆਂ ਵਿਕਦੀਆਂ ਸਾਂ
ਹਰ ਇੱਕ ਦੇ ਈ ਹੱਥਾਂ ਦੇ ਵਿੱਚ,
ਦਿਸਦੀਆਂ ਸਾਂ
ਕੋਈ ਸਾਰ ਨਹੀਂ ਲੈਦਾ,
ਸਾਡੇ ਜੀਵਨ ਅਨਮੋਲ ਦੀਆਂ
ਸੁਣ ਲਉ ਦੇਸ ਦੇ ਲੋਕੋ,
ਅਸੀਂ ਕਿਤਾਬਾਂ ਬੋਲਦੀਆਂ
ਬੜਾ ਕੁਝ ਅਸੀਂ ਆਪਣੇ ਵਿੱਚ ਸਮੋਈ ਬੈਠੀਆਂ ਹਾਂ
ਸਦੀਆਂ ਦੇ ਇਤਿਹਾਸ ਨੂੰ ਵਿੱਚ ਪਰੋਈ ਬੈਠੀਆਂ ਹਾਂ
ਅੰਦਰੋ ਅੰਦਰੀ ਅਸੀਂ ਤਾਂ ਹੰਝੂ,
ਅੱਖਾਂ ‘ਚੋ ਡੋਲ੍ਹਦੀਆਂ
ਸੁਣ ਲਉ ਦੇਸ ਦੇ ਲੋਕੋ,
ਅਸੀਂ ਕਿਤਾਬਾਂ ਬੋਲਦੀਆਂ
ਸ਼ਿਵ ਦੇ ਗੀਤਾਂ ਵਰਗੀਆਂ, ਵਿੱਚ ਖੁਸ਼ਬੂਆਂ ਰਲੀਆਂ ਨੇ
ਹੀਰਿਆਂ ਵਰਗੇ ਅੱਖਰ, ਵਰਕੇ ਸੋਨੇ ਡਲੀਆਂ ਨੇ
ਸਾਂਭ ਲਵੋ ਖ਼ਜ਼ਾਨੇ,
ਦਿਲ ਨੂੰ ਅਸੀਂ ਫਰੋਲਦੀਆਂ
ਸੁਣ ਲਉ ਦੇਸ ਦੇ ਲੋਕੋ,
ਅਸੀਂ ਕਿਤਾਬਾਂ ਬੋਲਦੀਆਂ।
ਗੁਲਾਮੀ ਵਾਲਿਆਂ, ਸ਼ੀਸ਼ਿਆਂ ਦੇ ਵਿੱਚ ਜੁੱਤੀਆਂ ਪਈਆਂ ਨੇ
ਓਹ ਵੇਖ ਕਿਤਾਬਾਂ, ਸੜਕਾਂ ਉੱਤੇ ਸੁੱਟੀਆਂ ਪਈਆਂ ਨੇ
ਸੋਲ੍ਹਾਂ ਆਨੇ ਸੱਚ ਨੇ ਗੱਲਾਂ, ਨਹੀਂ ਮਖੌਲ ਦੀਆਂ
ਸੁਣ ਲਉ ਦੇਸ ਦੇ ਲੋਕੋ, ਅਸੀਂ ਕਿਤਾਬਾਂ ਬੋਲਦੀਆਂ।
ਸੰਪਰਕ: 94171-97395