ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਦੀ ਮੀਟਿੰਗ ’ਤੇ ਉੱਠੇ ਸਵਾਲ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੂਨ
ਕੋਆਪ੍ਰੇਟਿਵ ਬੈਂਕ ਦੇ ਚੁਣੇ ਹੋਏ ਬੋਰਡ ਆਫ਼ ਡਾਇਰੈਕਟਰਾਂ ਵਿੱਚੋਂ ਪੰਜਾਬ ਸਟੇਟ ਸਹਿਕਾਰੀ ਬੈਂਕ ਲਈ ਨੁਮਾਇੰਦਾ ਭੇਜਣ ਸਬੰਧੀ ਅੱਜ ਇਥੇ ਕੋਆਪ੍ਰੇਟਿਵ ਬੈਂਕ ਦੇ ਜ਼ਿਲ੍ਹਾ ਮੁੱਖ ਦਫ਼ਤਰ ਵਿੱਚ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ ‘ਤੇ ਕੁੱਲ 9 ਡਾਇਰੈਕਟਰਾਂ ਵਿੱਚੋਂ 5 ਡਾਇਰੈਕਟਰਾਂ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਮੈਨੇਜਮੈਂਟ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੀਟਿੰਗ ਵਿਚ ਹਾਜ਼ਰ ਨਹੀਂ ਹੋਣ ਦਿੱਤਾ ਗਿਆ ਅਤੇ ਸਿਰਫ਼ 4 ਡਾਇਰੈਕਟਰਾਂ ਨਾਲ ਮਿਲ ਕੇ ਪੰਜਾਬ ਸਟੇਟ ਸਹਿਕਾਰੀ ਬੈਂਕ ਲਈ ਨੁਮਾਇੰਦੇ ਦਾ ਨਾਮ ਪਾਸ ਕਰ ਦਿੱਤਾ।
ਬੈਂਕ ਦੇ ਚੁਣੇ ਹੋਏ ਪੰਜ ਡਾਇਰੈਕਟਰਾਂ ਮਹਿੰਦਰ ਪਾਲ , ਯਾਦਵਿੰਦਰ ਸਿੰਘ, ਸੁਖਪਾਲ ਸਿੰਘ, ਅਵਤਾਰ ਸਿੰਘ ਅਤੇ ਗੁਰਮੀਤ ਸਿੰਘ ਨੇ ਇਹ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਬੈਂਕ ਦੇ ਬਾਈਲਾਜ਼ 80ਏ ਅਨੁਸਾਰ ਸਰਾਸਰ ਗਲਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁੱਝ ਸਹਿਕਾਰੀ ਸਭਾਵਾਂ ਜ਼ਿਲ੍ਹਾ ਸੰਗਰੂਰ ਦੇ ਅਧਿਕਾਰੀਆਂ ਅਤੇ ਬੈਂਕ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੋਇਆ ਹੈ। ਪੰਜ ਡਾਇਰੈਕਟਰਾਂ ਨੇ ਰਾਜਪਾਲ ਪੰਜਾਬ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਇਸ ਸਬੰਧੀ ਕਾਰਵਾਈ ਅਤੇ ਜਾਂਚ ਦੀ ਮੰਗ ਕੀਤੀ ਹੈ। ਡਾਇਰੈਕਟਰਾਂ ਵੱਲੋਂ ਵੀ ਸਹਿਕਾਰਤਾ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਭੇਜ ਕੇ ਮੀਟਿੰਗ ਦੀ ਕਾਰਵਾਈ ਰੱਦ ਕਰਨ ਅਤੇ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ।
ਉਧਰ, ਜ਼ਿਲ੍ਹਾ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਅਭਿਤੇਸ ਦਾ ਪੱਖ ਜਾਨਣ ਲਈ ਵਾਰ ਵਾਰ ‘ਤੇ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।