ਸ਼ੇਰਪੁਰ ’ਚ ਨਾਜਾਇਜ਼ ਕਬਜ਼ੇ ਸਬੰਧੀ 16 ਨੂੰ ਨੋਟਿਸ ਜਾਰੀ
ਬੀਰਬਲ ਰਿਸ਼ੀ
ਸ਼ੇਰਪੁਰ, 6 ਮਈ
ਸ਼ੇਰਪੁਰ ’ਚ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਲੰਬੀ ਕਾਨੂੰਨੀ ਲੜਾਈ ਦੇ ਰਾਹ ਪਏ ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਦੀ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਿਆ ਹੈ ਜਿਸ ਤਹਿਤ ਚੌਥੀ ਵਾਰ ਹੋਈ ਨਿਸ਼ਾਨਦੇਹੀ ਮਗਰੋਂ ਮਾਲ ਵਿਭਾਗ ਵੱਲੋਂ ਨਾਜਾਇਜ਼ ਕਬਜ਼ਿਆਂ ਸਬੰਧੀ 21 ਵਿਅਕਤੀਆਂ ’ਚੋਂ ਪੰਜ ਨੂੰ ਵਾਰੰਟ ਕਬਜ਼ੇ ਸਬੰਧੀ ਨੋਟਿਸ ਕੱਢਣ ਤੋਂ ਇਲਾਵਾ 16 ਵਿਅਕਤੀਆਂ ਨੂੰ ਡੀਡੀਪੀਓ-ਕਮ-ਕੂਲੈਕਟਰ ਵੱਲੋਂ ਨਾਜਾਇਜ਼ ਕਬਜ਼ਿਆਂ ਸਬੰਧੀ ਨੋਟਿਸਾਂ ’ਚ 9 ਮਈ ਨੂੰ ਪੇਸ਼ ਹੋ ਕੇ ਪੱਖ ਰੱਖਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਹਾਈ ਕੋਰਟ ਦੀ ਸਖਤੀ ਮਗਰੋਂ ਸ਼ੇਰਪੁਰ ’ਚ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਕਥਿਤ ਅਣਗਹਿਲੀ ਵਰਤਣ ਸਬੰਧੀ ਕਾਨੂੰਨਗੋ ਮਾਲਵਿੰਦਰ ਸਿੰਘ ਦੀ ਮੁਅੱਤਲੀ ਮਗਰੋਂ ਉਸ ਦੀ ਵਿਭਾਗੀ ਪੜਤਾਲ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਕੁਝ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਉਹ 9 ਮਈ ਨੂੰ ਆਪਣੇ ਕਾਗਜ਼ ਪੱਤਰ ਲੈ ਕੇ ਜਾਣਗੇ ਕਿਉਂਕਿ ਉਨ੍ਹਾਂ ਨੇ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਹੋਇਆ ਅਤੇ ਉਨ੍ਹਾਂ ਕੋਲ ਆਪਣੀ ਜਗ੍ਹਾ ਦੀਆਂ ਬਕਾਇਦਾ ਰਜਿਸਟਰੀਆਂ ਮੌਜੂਦ ਹਨ। ਬੀਡੀਪੀਓ ਜਸਵਿੰਦਰ ਸਿੰਘ ਬੱਗਾ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਸਬੰਧੀ 9 ਮਈ ਨੂੰ ਡੀਪੀਪੀਓ-ਕਮ-ਕੂਲੈਕਟਰ ਦੀ ਕੋਰਟ ਵਿੱਚ ਆਪਣੇ ਵਕੀਲ ਰਾਹੀਂ ਸਬੰਧਤ ਆਪਣਾ ਪੱਖ ਰੱਖ ਸਕਦੇ ਹਨ ਅਤੇ ਫਿਰ ਆਏ ਫੈਸਲੇ ਮਗਰੋਂ ਵੀ ਇੱਕ ਮਹੀਨਾ ਅੱਗੇ ਚਾਰਾਜੋਈ ਕਰਨ ਲਈ ਵੀ ਸਮਾਂ ਦਿੱਤਾ ਜਾਂਦਾ ਹੈ ਜਿਸ ਮਗਰੋਂ ਵਰੰਟ ਕਬਜ਼ੇ ਦੀ ਕਾਰਵਾਈ ਹੋ ਜਾਂਦੀ ਹੈ। ਨਾਇਬ ਤਹਿਸੀਲਦਾਰ ਵਿਜੇ ਆਹੀਰ ਨੇ ਕਿਹਾ ਕਿ ਵਰੰਟ ਕਬਜ਼ਾ ਬੀਡੀਪੀਓ ਨੇ ਕਰਵਾਉਣਾ ਹੈ ਉਂਜ ਉਨ੍ਹਾਂ ਨੂੰ ਹਾਲੇ ਪੰਜ ਵਿਅਕਤੀਆਂ ਦੇ ਵਾਰੰਟ ਕਬਜ਼ੇ ਸਬੰਧੀ ਕੋਈ ਪੱਤਰ ਨਹੀਂ ਮਿਲਿਆ।