ਸੰਗਰੂਰ ਤੇ ਪਟਿਆਲਾ ’ਚ ਮੌਕ ਡਰਿੱਲ ਤੇ ਬਲੈਕਆਊਟ ਅੱਜ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 6 ਮਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਭਲਕੇ 7 ਮਈ ਨੂੰ ਸਰਕਾਰੀ ਰਣਬੀਰ ਕਾਲਜ ਵਿੱਚ ਮੌਕ ਡਰਿੱਲ ਕੀਤੀ ਜਾਵੇਗੀ ਅਤੇ ਰਾਤ ਨੂੰ 8.30 ਵਜੇ ਬਲੈਕ ਆਊਟ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸੰਗਰੂਰ (ਵਾਧੂ ਚਾਰਜ) ਟੀ ਬੈਨਿਥ ਨੇ ਦੱਸਿਆ ਕਿ ਕੱਲ੍ਹ ਜਾਂ ਉਸ ਤੋਂ ਬਾਅਦ ਜਦੋਂ ਵੀ ਸਾਇਰਨ ਵਜੇ ਤਾਂ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਘਰਾਂ ’ਚ ਲਾਈਟਾਂ ਬੰਦ ਕਰ ਦੇਣ ਅਤੇ ਆਪਣੇ ਇਨਵਰਟਰ ਅਤੇ ਜਨਰੇਟਰ ਵੀ ਬੰਦ ਰੱਖਣ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਟੀ.ਬੈਨਿਥ (ਵਾਧੂ ਚਾਰਜ) ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੌਕ ਡਰਿਲ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਦੌਰਾਨ ਅੱਗ ਬੁਝਾਉਣ ਵਾਲੀਆਂ ਗੱਡੀਆਂ ਅਤੇ ਅੱਗ ਬੁਝਾਉਣ ਲਈ ਵਰਤਿਆ ਜਾਂਦਾ ਹੋਰ ਸਾਜੋ-ਸਾਮਾਨ ਸਰਕਾਰੀ ਰਣਬੀਰ ਕਾਲਜ ਵਿੱਚ ਪੁੱਜਦਾ ਕੀਤਾ ਜਾਵੇ ਅਤੇ ਉਸ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੇ ਜਾਣ ਸਬੰਧੀ ਸਿਖਲਾਈ ਦਿੱਤੀ ਜਾਵੇ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੰਗਾਮੀ ਹਾਲਤ ਵਿੱਚ ਮੈਡੀਕਲ ਸਹਾਇਤਾ ਸਬੰਧੀ ਚੁੱਕ ਕੇ ਜਾਣ ਵਾਲੇ ਕਦਮਾਂ, ਦੀ ਪੂਰੀ ਜਾਣਕਾਰੀ ਵਿਦਿਆਰਥੀਆਂ ਨੂੰ ਮੌਕ ਡਰਿੱਲ ਦੌਰਾਨ ਦਿੱਤੀ ਜਾਵੇ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚਲੀਆਂ ਸਨਅਤੀ ਇਕਾਈਆਂ ਸਮੇਤ ਸਮੁੱਚੇ ਸ਼ਹਿਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ। ਇਸ ਮੌਕ ਡਰਿੱਲ ਦੌਰਾਨ ਵਿਸ਼ੇਸ਼ ਤੌਰ ’ਤੇ ਇੱਕ ਸਾਇਰਨ ਵੀ ਵਜਾਇਆ ਜਾਵੇਗਾ। ਐੱਸਡੀਐੱਮ ਸੰਗਰੂਰ ਇਸ ਡਰਿੱਲ ਦੇ ਨੋਡਲ ਅਫ਼ਸਰ ਲਾਏ ਗਏ ਹਨ। ਇਸ ਮੌਕੇ ਏਡੀਸੀ ਅਮਿਤ ਬੈਂਬੀ, ਐੱਸਪੀ. ਦਿਲੀਪ੍ਰੀਤ ਸਿੰਘ, ਐੱਸਡੀਐਮ ਚਰਨਜੋਤ ਸਿੰਘ ਵਾਲੀਆ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ’ਤੇ ਭਲਕੇ 7 ਮਈ ਨੂੰ ਪਟਿਆਲਾ ਵਿੱਚ ਮੌਕ ਡਰਿੱਲ ਤੇ ਬਲੈਕ ਆਊਟ ਦਾ ਇੱਕ ਅਭਿਆਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਮੌਕ ਡਰਿੱਲ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਇਸ ਲਈ ਕਿਸੇ ਨਾਗਰਿਕ ਨੂੰ ਡਰਨ ਜਾ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।