ਸੰਗਤਪੁਰਾ ਵਿੱਚ ਕਿਸਾਨਾਂ ਨੇ ਕਬਜ਼ਾ ਕਾਰਵਾਈ ਰੋਕੀ
ਰਮੇਸ਼ ਭਾਰਦਵਾਜ
ਲਹਿਰਾਗਾਗਾ, 6 ਮਈ
ਪਿੰਡ ਸੰਗਤਪੁਰਾ ਵਿੱਚ ਕਿਸਾਨਾਂ ਨੇ ਵਾਰੰਟ ਕਬਜ਼ੇ ਦੇ ਵਿਰੋਧ ਵਿੱਚ ਧਰਨਾ ਦਿੱਤਾ ਅਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਨਹਿਰੀ ਵਿਭਾਗ ਵੱਲੋਂ 1998 ਵਿੱਚ ਨਿਲਾਮ ਕੀਤੇ ਨਹਿਰੀ ਕੋਠੀ ਵਾਲੇ ਰਕਬੇ ਦਾ ਮੁੜ ਤੋਂ ਕਬਜ਼ਾ ਲੈਣ ਲਈ ਵਿਭਾਗ ਵੱਲੋਂ ਵਾਰ-ਵਾਰ ਕਬਜ਼ਾ ਵਾਰੰਟ ਲੈ ਕੇ ਰਕਬੇ ਦੇ ਖਰੀਦਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ ਭੁਟਾਲ, ਕਰਨੈਲ ਸਿੰਘ ਗਨੌਟਾ, ਰਾਮਚੰਦ ਸਿੰਘ ਚੋਟੀਆਂ, ਦਰਸ਼ਨ ਸਿੰਘ ਸੰਗਤਪੁਰਾ, ਸਰਬਜੀਤ ਸ਼ਰਮਾ, ਹਰਸੇਵਕ ਸਿੰਘ ਲਹਿਲ ਖੁਰਦ, ਗੁਰਜੰਟ ਸਿੰਘ ਸੰਗਤਪੁਰਾ, ਰਾਮ ਸਿੰਘ ਨੰਗਲਾ ਅਤੇ ਸਵਰਾਜ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਵਿਭਾਗ ਤੋਂ 1998 ਵਿਚ ਸਭ ਤੋਂ ਉੱਚੀ ਬੋਲੀ ਦੇ ਕੇ ਖਰੀਦੀ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਜਾਵੇਗਾ ਭਾਵੇਂ ਜਥੇਬੰਦੀ ਨੂੰ ਕਿੰਨੀ ਵੀ ਕੀਮਤ ਕਿਉਂ ਨਾ ਚੁਕਾਉਣੀ ਪਵੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਵਾਰੰਟ ਕਬਜ਼ੇ ਵਾਲੀ ਥਾਂ ’ਤੇ ਕੋਈ ਅਧਿਕਾਰੀ ਨਹੀਂ ਪਹੁੰਚਿਆ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਨੇ ਕਿਹਾ ਕਿ ਉਹ ਤਿੰਨ ਵਜੇ ਤੱਕ ਤਹਿਸੀਲਦਾਰ, ਪੁਲੀਸ, ਨਹਿਰ ਵਿਭਾਗ ਦੇ ਅਧਿਕਾਰੀਆਂ ਨੂੰ ਉਡੀਕਦੇ ਰਹੇ ਪਰ ਬੀਕੇਯੂ ਏਕਤਾ ਉਗਰਾਹਾਂ ਦੇ ਵਿਰੋਧ ਕਰਨ ਕਰਕੇ ਅਧਿਕਾਰੀ ਨਹੀਂ ਆਏ।
ਪੁਲੀਸ ਫੋਰਸ ਨਾ ਮਿਲਣ ਕਰਕੇ ਕਬਜ਼ਾ ਨਹੀਂ ਲਿਆ: ਐੱਸਡੀਓ
ਨਹਿਰੀ ਵਿਭਾਗ ਦਿਆਲਪੁਰਾ ਦੇ ਐੱਸਡੀਓ ਆਰੀਅਨ ਅਨੇਜਾ ਅਤੇ ਸੀਨੀਅਰ ਕਰਮਚਾਰੀ ਹਰਦਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਫੋਰਸ ਨਾ ਮਿਲਣ ਕਾਰਨ ਉਹ ਕਬਜ਼ਾ ਨਹੀਂ ਲੈ ਸਕੇ। ਉਨ੍ਹਾਂ ਦੱਸਿਆ ਕਿ ਬੋਲੀ ਬਾਰੇ ਅਗਲੀ ਤਰੀਕ ਬਾਰੇ ਜਾਗਰੂਕ ਕੀਤਾ ਜਾਵੇਗਾ।Advertisement