ਜੰਗ ਦੇ ਨੁਕਸਾਨ ਤੇ ਭਾਰਤ ’ਚ ਫਿਰਕੂ ਮਾਹੌਲ ਬਾਰੇ ਕਨਵੈਨਸ਼ਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਜੂਨ
ਲੌਂਗੋਵਾਲ ਦੀਆਂ ਜਨਤਕ ਜਮਹੂਰੀ, ਲੋਕ ਪੱਖੀ ਜਥੇਬੰਦੀਆਂ ਵੱਲੋਂ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ‘ਯੁੱਧ ਦੇ ਮਾਰੂ ਸਿੱਟੇ ਅਤੇ ਭਾਰਤ ਵਿਚ ਉਸਾਰਿਆ ਜਾ ਰਿਹਾ ਫਿਰਕੂ ਮਾਹੌਲ’ ਬਾਰੇ ਕਨਵੈਨਸ਼ਨ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਲੌਂਗੋਵਾਲ ਵਿੱਚ ਕਰਵਾਈ ਗਈ। ਦੇਸ਼ ਭਗਤ ਯਾਦਗਾਰ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਡੇਮੋਕ੍ਰੈਟਿਕ ਟੀਚਰਜ਼ ਫ਼ਰੰਟ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ), ਤਰਕਸ਼ੀਲ ਸੁਸਾਈਟੀ ਪੰਜਾਬ ਪਿੰਡ ਬਚਾਓ ਫ਼ਰੰਟ, ਮੁਸਲਿਮ ਵੈੱਲਫ਼ੇਅਰ ਸੁਸਾਇਟੀ, ਆਈਡੀਪੀ ਤੇ ਬਾਬਾ ਫਰੀਦ ਵੈੱਲਫ਼ੇਅਰ ਸੁਸਾਇਟੀ ਆਦਿ ਜਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਨੇ ਭਰਵੀ ਸ਼ਮੂਲੀਅਤ ਕਰਕੇ ਵਿਚਾਰ ਚਰਚਾ ਕੀਤੀ। ਸਭ ਤੋਂ ਪਹਿਲਾਂ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਸੈਲਾਨੀਆਂ ਦੀ ਕੀਤੀ ਗਈ ਹੱਤਿਆ ਨੂੰ ਗ਼ੈਰਮਨੁੱਖੀ ਅਤੇ ਕਾਇਰਤਾ ਭਰੀ ਕਾਰਵਾਈ ਕਰਾਰ ਦਿੱਤਾ ਗਿਆ। ਇਸ ਦੌਰਾਨ ਭਾਰਤ ਤੇ ਪਾਕਿ ਵਿਚਾਲੇ ਟਕਰਾਅ ਬਾਰੇ ਚਰਚਾ ਕਰਦਿਆਂ ਆਗੂਆਂ ਨੇ ਇਸ ਦਾ ਵਿਰੋਧ ਕਰਦਿਆਂ ਲੋਕਾਂ ਦੇ ਮਸਲਿਆਂ ਸਿੱਖਿਆ, ਸਿਹਤ, ਰੁਜ਼ਗਾਰ ਤੋਂ ਧਿਆਨ ਹਟਾਉਣਾ ਕਰਾਰ ਦਿੱਤਾ। ਆਗੂਆਂ ਨੇ ਦੋਵੇਂ ਮੁਲਕਾਂ ਦੀ ਆਵਾਮ ਨੂੰ ਤਬਾਹੀ ਵੱਲ ਧੱਕਣ ਵਿੱਚ ਸਾਮਰਾਜੀ ਮੁਲਕਾਂ ਦੀ ਵਪਾਰ ਕਰਨ, ਸੰਧੀਆਂ ਕਰਨ ਅਤੇ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ। ਆਗੂਆਂ ਨੇ ਮੁਲਕ ਵਿੱਚ ਹਾਕਮਾਂ ਵੱਲੋਂ ਉਸਾਰੇ ਜਾ ਰਹੇ ਫਿਰਕੂ ਮਾਹੌਲ ’ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਇਕਜੁੱਟ ਹੋ ਕੇ ਇਸ ਦਾ ਟਾਕਰਾ ਕਰਨ ਦਾ ਸੱਦਾ ਦਿੱਤਾ। ਕਨਵੈਨਸ਼ਨ ਵਿੱਚ ਬਲਜਿੰਦਰ ਸਿੰਘ, ਭੋਲਾ ਸਿੰਘ, ਬਲਬੀਰ ਲੌਂਗੋਵਾਲ, ਜੁਝਾਰ ਲੌਂਗੋਵਾਲ, ਗੁਰਮੇਲ ਸਿੰਘ, ਕਰਨੈਲ ਸਿੰਘ ਜਖੇਪਲ, ਭੋਲਾ ਸਿੰਘ ਬਟੂਹਾ, ਲਖਵੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਚਮਕੌਰ ਸਿੰਘ, ਹਰਦੇਵ ਸਿੰਘ ਦੁੱਲਟ, ਸੁਖਜਿੰਦਰ ਸੰਗਰੂਰ, ਬਲਜੀਤ ਨਮੋਲ, ਸ਼ਮਸ਼ਾਦ ਖਾਨ, ਫਲਜੀਤ ਸਿੰਘ, ਜਸਵੀਰ ਨਮੋਲ ਜਗਦੀਸ਼ ਛਾਜਲੀ, ਪ੍ਰੇਮ ਸਰੂਪ ਛਾਜਲੀ ਆਦਿ ਆਗੂਆਂ ਨੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਜਗਦੀਸ਼ ਬਹਾਦਰਪੁਰੀ, ਸਰਬਜੀਤ ਨਮੋਲ, ਸਤਨਾਮ ਉੱਭਾਵਾਲ ਨੇ ਅਗਾਂਹਵਧੂ ਕਵਿਤਾਵਾਂ ਅਤੇ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਲੈਕਚਰਾਰ ਮਨਜੀਤ ਸ਼ਰਮਾ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਅਨਿਲ ਕੁਮਾਰ ਸ਼ਰਮਾ, ਪਰਵਿੰਦਰ ਉੱਭਾਵਾਲ, ਗੁਰਮੇਲ ਸਿੰਘ ਤੇ ਚਰਨਾ ਸਿੰਘ ਆਦਿ ਆਗੂ ਹਾਜ਼ਰ ਸਨ।