Punjab News - Road Accident: ਕੌਮੀ ਸ਼ਾਹਰਾਹ ’ਤੇ ਖੜ੍ਹੇ ਟਰੱਕ ’ਚ ਐਕਟਿਵਾ ਵੱਜਣ ਕਾਰਨ ਦੋ ਹਲਾਕ, ਦੋ ਗੰਭੀਰ ਜ਼ਖਮੀ
ਡਰਾਈਵਰ ਟਰੱਕ ਲੈ ਕੇ ਮੌਕੇ ਤੋਂ ਫ਼ਰਾਰ ਹੋਇਆ; ਇਕ ਐਕਟਿਵਾ ’ਤੇ ਸਵਾਰ ਹੋ ਕੇ ਚਾਰ ਜਣੇ ਧਾਰਮਿਕ ਡੇਰੇ ’ਤੇ ਮੱਥਾ ਟੇਕਣ ਜਾਂਦਿਆਂ ਹੋਏ ਹਾਦਸੇ ਦਾ ਸ਼ਿਕਾਰ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 27 ਮਾਰਚ
Punjab News - Road Accident: ਕੌਮੀ ਮਾਰਗ ’ਤੇ ਪਿੰਡ ਸਿੰਘਾਂ ਨੇੜੇ ਢਾਬੇ ਅੱਗੇ ਖੜ੍ਹੇ ਟਰੱਕ ਦੇ ਪਿੱਛੇ ਐਕਟਿਵਾ ਵੱਜਣ ਕਾਰਨ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਹਾਦਸੇ ਉਪਰੰਤ ਟਰੱਕ ਡਰਾਈਵਰ ਮੌਕੇ ਤੋਂ ਟਰੱਕ ਲੈ ਕੇ ਫਰਾਰ ਹੋ ਗਿਆ ਹੈ।
ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਏਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਜਲੰਧਰ ਵਾਲੇ ਪਾਸਿਓਂ ਐਕਟਿਵਾ ’ਤੇ ਸਵਾਰ ਚਾਰ ਵਿਅਕਤੀ ਨਕੋਦਰ ਧਾਰਮਿਕ ਡੇਰੇ ’ਤੇ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਪਿੰਡ ਸਿੰਘਾਂ ਨੇੜੇ ਲਾਈਟਾਂ ਵਾਲੇ ਢਾਬੇ ’ਤੇ ਖੜ੍ਹੇ ਟਰੱਕ ਦੇ ਪਿੱਛੇ ਐਕਟਿਵਾ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ’ਤੇ ਹੀ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਰੂਪ ਜ਼ਖ਼ਮੀ ਹੋ ਗਏ।
ਉਹਨਾਂ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਣ ਉਪਰੰਤ ਮੌਕੇ ’ਤੇ ਪਹੁੰਚ ਕਿ ਵਾਪਰੇ ਹਾਦਸੇ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਸਰਕਾਰੀ ਐਬੂਲੈਂਸ ਰਾਹੀਂ ਚਾਰੇ ਵਿਅਕਤੀਆਂ ਨੂੰ ਸਿਵਲ ਹਸਪਤਾਲ ਜਲੰਧਰ ਵਿੱਚ ਲਿਆਂਦਾ ਗਿਆ ਹੈ।
ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਏਕਮ ਪੁੱਤਰ ਸੁਖਦੇਵ ਵਾਸੀ ਮਿੱਠੂ ਬਸਤੀ, ਜਸ਼ਨਦੀਪ ਪੁੱਤਰ ਰਾਜਕੁਮਾਰ ਵਾਸੀ ਮਿੱਠੂ ਬਸਤੀ ਵਜੋਂ ਹੋਈ ਹੈ। ਜਦੋਂਕਿ ਸੂਰਜ ਪੁੱਤਰ ਰਵਿੰਦਰ ਵਾਸੀ ਰਾਜਨਗਰ ਅਤੇ ਰਿਛ ਪੁੱਤਰ ਪ੍ਰਦੀਪ, ਬਸਤੀ ਬਾਵਾ ਖੇਲ ਗੰਭੀਰ ਜ਼ਖਮੀ ਹਨ। ਉਹਨਾਂ ਦੱਸਿਆ ਕਿ ਮ੍ਰਿਤਕ ਦੇਹਾਂ ਪੋਸਟਮਾਰਟਮ ਕਰਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ।