ਗੁਰਦੁਆਰਾ ਅਖੰਡ ਪ੍ਰਕਾਸ਼ ਸੰਪ੍ਰਦਾਇ ਭਿੰਡਰਾਂ ਦਾ ਵਿਵਾਦ ਮੁੜ ਭਖ਼ਿਆ
ਹਰਦੀਪ ਸਿੰਘ
ਧਰਮਕੋਟ, 30 ਮਾਰਚ
ਦਮਦਮੀ ਟਕਸਾਲ ਦੇ ਪਹਿਲੇ ਹੈੱਡਕੁਆਰਟਰ ਗੁਰਦੁਆਰਾ ਅਖੰਡ ਪ੍ਰਕਾਸ਼ ਸੰਪ੍ਰਦਾਇ ਭਿੰਡਰਾਂ ਦੀ ਗੱਦੀ ਅਤੇ ਪ੍ਰਬੰਧ ਦਾ ਵਿਵਾਦ ਗੰਭੀਰ ਹੋ ਗਿਆ। ਦੇਰ ਰਾਤ ਟਕਸਾਲ ਦਾ ਇੱਕ ਧੜਾ ਕਬਜ਼ਾ ਲੈਣ ਖ਼ਾਤਰ ਗੁਰਦੁਆਰੇ ਦੀ ਹਦੂਦ ’ਚ ਦਾਖ਼ਲ ਹੋ ਗਿਆ। ਵਿਰੋਧ ਕਰਨ ’ਤੇ ਪਹਿਰੇਦਾਰਾਂ ਦੀ ਵੀ ਕਥਿਤ ਕੁੱਟਮਾਰ ਕੀਤੀ ਗਈ। ਇਸ ਬਾਰੇ ਪਤਾ ਲੱਗਣ ’ਤੇ ਵੱਡੀ ਗਿਣਤੀ ਪਿੰਡ ਵਾਸੀ ਮੌਕੇ ’ਤੇ ਪੁੱਜ ਗਏ, ਇਸ ’ਤੇ ਕਬਜ਼ਾ ਕਰਨ ਆਏ ਉਥੋਂ ਚਲੇ ਗਏ। ਜ਼ਖ਼ਮੀ ਸੇਵਾਦਾਰ ਸਿਵਲ ਹਸਪਤਾਲ ਮੋਗਾ ’ਚ ਭਰਤੀ ਕਰਵਾਏ ਗਏ ਹਨ। ਪ੍ਰਸ਼ਾਸਨ ਨੇ ਗੁਰਦੁਆਰੇ ਦੇ ਬਾਹਰ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਚਾਰ ਸਾਲ ਪਹਿਲਾਂ ਸੰਪ੍ਰਦਾਇ ਭਿੰਡਰਾਂ ਦੇ ਮੁਖੀ ਗਿਆਨੀ ਮੋਹਣ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਗੱਦੀ ਦਾ ਵਿਵਾਦ ਸ਼ੁਰੂ ਹੋ ਗਿਆ। ਮਹੰਤ ਕਪੂਰ ਸਿੰਘ ਨੂੰ ਪਿੰਡ ਵੱਲੋਂ ਦਸਤਾਰ ਦਿੱਤੀ ਗਈ। ਦੂਜੇ ਪਾਸੇ ਗਿਆਨੀ ਮੋਹਣ ਸਿੰਘ ਵੱਲੋਂ ਸਾਲ 1999 ਵਿੱਚ ਲਿਖਤੀ ਡੀਡੀ ਵਿੱਚ ਪੰਚ ਪ੍ਰਧਾਨੀ ਖਾਲਸਾ ਸੇਵਕ ਜਥਾ ਕਾਇਮ ਕਰ ਕੇ ਆਪਣੇ ਤੋਂ ਬਾਅਦ ਉਨ੍ਹਾਂ ਨੂੰ ਗੁਰਦੁਆਰੇ ਦੀ ਦੇਖ-ਰੇਖ ਲਈ ਅਧਿਕਾਰਤ ਕੀਤਾ ਹੋਇਆ ਹੈ। ਲੰਬੇ ਸਮੇਂ ਤੋਂ ਪੰਚ ਪ੍ਰਧਾਨੀ ਜਥਾ ਗੁਰਦੁਆਰੇ ਦੇ ਪ੍ਰਬੰਧ ਚਲਾ ਰਿਹਾ ਹੈ। ਕਪੂਰ ਸਿੰਘ ਵੱਲੋਂ ਗਿਆਨੀ ਜਸਵਿੰਦਰ ਸਿੰਘ ਦੀ ਸੰਪ੍ਰਦਾਇ ਦੇ ਅਗਲੇ ਮੁਖੀ ਵਜੋਂ 25 ਮਾਰਚ ਨੂੰ ਦਸਤਾਰਬੰਦੀ ਕਰਨ ਤੋਂ ਬਾਅਦ ਵਿਵਾਦ ਫਿਰ ਤੋਂ ਭਖ਼ ਗਿਆ।
ਪੰਚ ਪ੍ਰਧਾਨੀ ਜਥੇ ਦੇ ਮੈਂਬਰ ਗਿਆਨੀ ਨਾਜ਼ਰ ਸਿੰਘ ਇਸ ਸਾਰੇ ਮਾਮਲੇ ਦੀ ਅਗਵਾਈ ਕਰ ਰਹੇ ਹਨ। ਪਿੰਡ ਭਿੰਡਰ ਕਲਾਂ ਤੇ ਭਿੰਡਰ ਖੁਰਦ ਵਿੱਚ ਵੀ ਇਸ ਰੌਲੇ ਤੋਂ ਧੜੇਬੰਦੀ ਬਣੀ ਹੋਈ ਹੈ। ਕੱਲ੍ਹ ਦੋਵਾਂ ਪਿੰਡਾਂ ਦੇ ਲੋਕਾਂ ਦਾ ਇਕੱਠ ਸਾਬਕਾ ਸਰਪੰਚ ਮੋਹਨ ਸਿੰਘ ਦੀ ਅਗਵਾਈ ਹੇਠ ਹੋਇਆ ਸੀ। ਇਸ ਵਿੱਚ ਮਹੰਤ ਕਪੂਰ ਸਿੰਘ ਵੱਲੋਂ ਕੀਤੀ ਦਸਤਾਰਬੰਦੀ ਦਾ ਵਿਰੋਧ ਕੀਤਾ ਗਿਆ ਸੀ।
ਕੋਈ ਵੀ ਕਾਨੂੰਨ ਹੱਥ ’ਚ ਨਾ ਲਵੇ: ਗਾਂਧੀ
ਜ਼ਿਲ੍ਹਾ ਪੁਲੀਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਅਮਨ ਕਾਇਮ ਰੱਖਣ ਲਈ ਗੁਰਦੁਆਰੇ ਦੇ ਬਾਹਰ ਪੁਲੀਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਸਣੇ ਦੂਜੀਆਂ ਧਿਰਾਂ ਨੂੰ ਕਾਨੂੰਨ ਹੱਥ ’ਚ ਨਾ ਲੈਣ ਦੀ ਅਪੀਲ ਕੀਤੀ ਹੈ।