ਨਵ-ਨਿਯੁਕਤ ਈਟੀਟੀ ਅਧਿਆਪਕਾਂ ਵੱਲੋਂ ਡੋਪ ਟੈਸਟ ਦਾ ਵਿਰੋਧ
ਮਹਿੰਦਰ ਸਿੰੰਘ ਰੱਤੀਆਂ
ਮੋਗਾ, 2 ਅਪਰੈਲ
ਸੂਬੇ ’ਚ ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੀ ਮੈਡੀਕਲ ਰਿਪੋਰਟ ਨਾਲ ਡੋਪ ਟੈਸਟ ਕਰਨ ਤੋਂ ਉਮੀਦਵਾਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਇੱਥੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਪਹੁੰਚੇ ਨਵ-ਨਿਯੁਕਤ ਅਧਿਆਪਕਾਂ ਦੇ ਡੋਪ ਟੈਸਟ ਕਰਨ ਤੇ ਉਨ੍ਹਾਂ ਤੋਂ ਮੈਡੀਕਲ ਤੋਂ ਵੱਖਰੀ 1500 ਰੁਪਏ ਫੀਸ ਲੈਣ ਤੋਂ ਵਿਰੋਧ ਸ਼ੁਰੂ ਹੋ ਗਿਆ। ਇਸ ਬਾਰੇ ਪਤਾ ਲੱਗਣ ’ਤੇ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਦੇ ਪ੍ਰਧਾਨ ਦਿੱਗਵਿਜੈ ਪਾਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ ਪਾਲੀ ਨੇ ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੇ ‘ਡੋਪ ਟੈਸਟ’ ਕਰਨ ਅਤੇ ਇਸ ਲਈ 1500 ਰੁਪਏ ਪ੍ਰਤੀ ਉਮੀਦਵਾਰ ਫੀਸ ਵਸੂਲਣ ਦਾ ਸਿਵਲ ਸਰਜਨ ਦਫ਼ਤਰ ਪਹੁੰਚ ਕੇ ਵਿਰੋਧ ਕੀਤਾ।
ਇਸ ਮੌਕੇ ਸ੍ਰੀ ਸ਼ਰਮਾ ਅਤੇ ਸੇਵਾਮੁਕਤ ਐੱਸਐੱਮਓ ਡਾ. ਇੰਦਰਵੀਰ ਸਿੰਘ ਗਿੱਲ ਨੇ ਨਵ-ਨਿਯੁਕਤ ਅਧਿਆਪਕਾਂ ਦੇ ਡੋਪ ਟੈਸਟ ਨੂੰ ਗ਼ੈਰਕਾਨੂੰਨੀ ਤੇ ਗ਼ੈਰਵਾਜ਼ਬ ਕਰਾਰ ਦਿੰਦੇ ਹੋਏ ਆਖਿਆ ਕਿ ਇਹ ਉਮੀਦਵਾਰਾਂ ਨਾਲ ਧੱਕੇਸ਼ਾਹੀ ਹੈ। ਉਨ੍ਹਾਂ ਦੇ ਵਿਰੋਧ ਮਗਰੋਂ ਸਿਵਲ ਸਰਜਨ ਦਫ਼ਤਰ ਵੱਲੋਂ ਇਨ੍ਹਾਂ ਉਮੀਦਵਾਰਾਂ ਦਾ ਡੋਪ ਟੈਸਟ ਬੰਦ ਕਰ ਕੇ ਅਤੇ ਫੀਸ ਵਾਪਸ ਕਰਨ ਦਾ ਭਰੋਸਾ ਦੇਣ ਮਗਰੋਂ ਮਾਮਲਾ ਸ਼ਾਂਤ ਹੋਇਆ। ਅਧਿਆਪਕ ਜਥੇਬੰਦੀਆਂ ਨੇ ਕਿਹਾ ਕਿ 5994 ਭਰਤੀ ਅਧੀਨ ਈਟੀਟੀ ਅਧਿਆਪਕਾਂ ਦਾ ਸੂਬਾ ਸਰਕਾਰ ਵੱਲੋਂ ਜਬਰੀ ਡੋਪ ਟੈਸਟ ਕਰਵਾਉਣਾ ਉਮੀਦਵਾਰਾਂ ਦਾ ਆਰਥਿਕ ਸ਼ੋਸ਼ਣ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਕਰਮਜੀਤ ਮਾਣੂੰਕੇ, ਪੇਂਡੂ ਮਜ਼ਦੂਰ ਯੂਨੀਅਨ ਦੇ ਮੰਗਾਂ ਸਿੰਘ ਵੈਰੋਕੇ, ਸੁਖਦੇਵ ਸਿੰਘ, ਸੌਰਭ ਮਹਿਤਾ, ਮਹਿਕਦੀਪ ਕੌਰ ਤੇ ਹੋਰ ਆਗੂ ਸਨ।
ਸਰਕਾਰ ਵੱਲੋਂ ਡੋਪ ਟੈਸਟ ਦੀ ਕੋਈ ਹਦਾਇਤ ਨਹੀਂ: ਸੰਧੂ
ਡਿਪਟੀ ਡੀਈਓ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿੱਚ 174 ਨਵ-ਨਿਯੁਕਤ ਈਟੀਟੀ ਅਧਿਆਪਕਾਂ ਦੀ ਤਾਇਨਾਤੀ ਲਈ ਹੁਕਮ ਜਾਰੀ ਹੋਏ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰੀ ਵੱਲੋਂ ਜਾਰੀ ਹੁਕਮਾਂ ’ਚ ਡੋਪ ਟੈਸਟ ਦੀ ਕੋਈ ਸ਼ਰਤ ਨਹੀਂ ਹੈ ਅਤੇ ਨਾ ਹੀ ਇਸ ਸਬੰਧੀ ਸਰਕਾਰ ਜਾਂ ਉੱਚ ਅਧਿਕਾਰੀਆਂ ਵੱਲੋਂ ਕੋਈ ਹਦਾਇਤ ਮਿਲੀ ਹੈ।
ਬੰਦ ਕਰ ਦਿੱਤਾ ਹੈ ਡੋਪ ਟੈਸਟ: ਡਾ. ਜੋਤੀ
ਸਹਾਇਕ ਸਿਵਲ ਸਰਜਨ ਡਾ. ਜੋਤੀ ਨੇ ਪੁਸ਼ਟੀ ਕੀਤੀ ਕਿ ਅਧਿਆਪਕਾਂ ਦੇ ਮੈਡੀਕਲ ਲਈ ਡੋਪ ਟੈਸਟ ਕਰਨ ਵਾਸਤੇ ਉਨ੍ਹਾਂ ਤੋਂ ਫੀਸ ਵਸੂਲੀ ਗਈ ਸੀ ਪਰ ਹੁਣ ਉਨ੍ਹਾਂ ਨੇ ਡੋਪ ਟੈਸਟ ਬੰਦ ਕਰ ਦਿੱਤਾ ਹੈ। ਉਮੀਦਵਾਰਾਂ ਤੋਂ ਲਈ 1500 ਰੁਪਏ ਫੀਸ ਵਾਪਸ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤ ਕਰ ਦਿੱਤੀ ਹੈ।