ਹਾਈ ਕੋਰਟ ਵੱਲੋਂ ਪੈਂਡਿੰਗ ਕੇਸਾਂ ਦੀ ਸੁਣਵਾਈ ਤੇਜ਼ ਕਰਨ ਦਾ ਫ਼ੈਸਲਾ
05:17 AM Mar 31, 2025 IST
ਸੌਰਭ ਮਲਿਕ
ਚੰਡੀਗੜ੍ਹ, 30 ਮਾਰਚ
ਦਹਾਕਿਆਂ ਤੋਂ ਇਨਸਾਫ਼ ਦੀ ਉਡੀਕ ਰਹੇ ਲੋਕਾਂ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੰਮੇ ਸਮੇਂ ਤੋਂ ਪੈਂਡਿੰਗ ਕੇਸਾਂ ਦੀ ਸੁਣਵਾਈ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਲਾਂ ਤੋਂ ਲਟਕ ਰਹੇ ਮਾਮਲਿਆਂ ਦਾ ਜਲਦੀ ਨਿਬੇੜਾ ਕੀਤਾ ਜਾ ਸਕੇ। 30 ਸਾਲਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਸਿਵਲ ਮੁਕੱਦਮੇ, 20 ਸਾਲਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਫੌਜਦਾਰੀ ਮਾਮਲੇ, 15 ਸਾਲਾਂ ਤੋਂ ਵੱਧ ਸਮੇਂ ਤੋਂ ਚੈੱਕ ਬਾਊਂਸਿੰਗ ਨਾਲ ਸਬੰਧਤ ਕੇਸ ਅਤੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੈਂਡਿੰਗ ਅਪੀਲਾਂ ਜਿਨ੍ਹਾਂ ’ਤੇ 31 ਮਾਰਚ ਤੋਂ ਬਾਅਦ ਸੁਣਵਾਈ ਨਿਰਧਾਰਤ ਸੀ, ’ਤੇ ਹੁਣ ਜਲਦੀ ਸੁਣਵਾਈ ਹੋਵੇਗੀ। ਇਨ੍ਹਾਂ ਕੇਸਾਂ ਨੂੰ ‘ਤੁਰੰਤ ਸੁਣਵਾਈ ਵਾਲੀ ਸੂਚੀ’ ਵਿੱਚ ਸ਼ਾਮਲ ਕੀਤਾ ਜਾਵੇਗਾ। ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਸੁਪਰੀਮ ਕੋਰਟ ਤੋਂ ਰਿਮਾਂਡ ਨਾਲ ਸਬੰਧਤ ਮਾਮਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ।
Advertisement
Advertisement