ਢਿੱਡ ’ਚ ਸੂਆ ਮਾਰ ਕੇ ਦੁਕਾਨਦਾਰ ਦਾ ਕਤਲ
ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 2 ਅਪਰੈਲ
ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਕੋਟਭਾਈ ਵਿੱਚ ਵਿਅਕਤੀ ਦਾ ਕਿਸੇ ਨੇ ਕਤਲ ਕਰ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ’ਤੇ ਐੱਸਪੀ ਮਨਮੀਤ ਸਿੰਘ ਢਿੱਲੋਂ, ਡੀਐੱਸਪੀ ਅਵਤਾਰ ਸਿੰਘ ਰਾਜਪਾਲ, ਸੀਆਈਏ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ, ਐੱਸਐੱਚਓ ਕੋਟਭਾਈ ਜਸਵੀਰ ਸਿੰਘ ਅਤੇ ਫੋਰੈਂਸਿਕ ਟੀਮ ਘਟਨਾ ਸਥਾਨ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ।
ਇਸ ਮਾਮਲੇ ਸਬੰਧੀ ਥਾਣਾ ਕੋਟਭਾਈ ਮੁਖੀ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਕੋਟਭਾਈ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਉਰਫ਼ ਕਾਲੀ ਪੁੱਤਰ ਟੇਕ ਚੰਦ ਦਾ ਉਸ ਦੇ ਘਰ ਵਿੱਚ ਕਤਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਰਾਜੇਸ਼ ਕੁਮਾਰ ਕਾਲੀ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ। ਉਹ ਰਾਤ ਕਰੀਬ 12 ਵਜੇ ਘਰ ਆਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਜੇਸ਼ ਦੇ ਪੇਟ ’ਤੇ ਸੂਆ ਮਾਰਨ ਦੇ ਕਰੀਬ ਇਕ ਦਰਜਨ ਤੋਂ ਵੱਧ ਨਿਸ਼ਾਨ ਸਨ। ਉਨ੍ਹਾਂ ਅੱਗੇ ਦੱਸਿਆ ਕਿ ਪੁਲੀਸ ਵੱਲੋਂ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ ਅਤੇ ਮ੍ਰਿਤਕ ਦੇ ਭਤੀਜੇ ਮਿੰਟੂ ਦੇ ਬਿਆਨਾਂ ’ਤੇ ਅਣਪਛਾਤੇ ਵਿਰੁੱਧ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੌਤ ਦੇ ਸਹੀ ਕਾਰਨਾਂ ਬਾਰੇ ਪੋਸਟਮਾਰਟਮ ਅਤੇ ਫੋਰੈਂਸਿਕ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਪੁਲੀਸ ਵੱਲੋਂ ਮ੍ਰਿਤਕ ਦੇ ਘਰ ਅਤੇ ਗਲੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।