ਸੜਕ ਹਾਦਸੇ ’ਚ ਤਿੰਨ ਨੌਜਵਾਨ ਹਲਾਕ
ਮੁਕੰਦ ਸਿੰਘ ਚੀਮਾ
ਸੰਦੌੜ, 30 ਮਾਰਚ
ਇਥੋਂ ਨੇੜਲੇ ਪਿੰਡ ਮਾਣਕੀ ਵਿੱਚ ਸੜਕ ਹਾਦਸੇ ਵਿੱਚ ਕਾਰ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਥਾਣਾ ਸੰਦੌੜ ਦੇ ਜਾਂਚ ਅਫ਼ਸਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਰ ਸਵਾਰ ਪੰਜ ਨੌਜਵਾਨ ਕਸਬਾ ਸੰਦੌੜ ਤੋਂ ਪਿੰਡ ਗੰਡੇਵਾਲ ਆ ਰਹੇ ਸਨ। ਉਨ੍ਹਾਂ ਦੀ ਗੱਡੀ ਜਦੋਂ ਪਿੰਡ ਮਾਣਕੀ ਪਹੁੰਚੀ ਤਾਂ ਲਾਵਾਰਸ ਪਸ਼ੂ ਅੱਗੇ ਆ ਗਿਆ। ਪਸ਼ੂ ਨੂੰ ਬਚਾਉਣ ਸਮੇਂ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਹਾਦਸਾ ਹੋ ਗਿਆ। ਇਸ ਮਗਰੋਂ ਤੁਰੰਤ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਲਿਜਾਂਦੇ ਸਮੇਂ ਨੌਜਵਾਨ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਜਦੋਂਕਿ ਦੋ ਨੌਜਵਾਨਾਂ ਨੇ ਲੁਧਿਆਣਾ ਵਿੱਚ ਜ਼ੇਰੇ ਇਲਾਜ ਦਮ ਤੋੜ ਦਿੱਤਾ। ਦੋ ਜ਼ਖ਼ਮੀ ਨੌਜਵਾਨ ਇਸ ਵੇਲੇ ਮਾਲੇਰਕੋਟਲਾ ਦੇ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਹਾਲਤ ਵੀ ਗੰਭੀਰ ਹੈ। ਹਾਦਸੇ ਵਿੱਚ ਮਾਰੇ ਗਏ ਨੌਜਵਾਨ ਸਿਕੰਦਰ ਸਿੰਘ (35) ਅਤੇ ਕੁਲਵਿੰਦਰ ਸਿੰਘ (30) ਵਾਸੀ ਗੁਰਬਖਸ਼ਪੁਰਾ ਗੰਡੇਵਾਲ ਚਚੇਰੇ ਭਰਾ ਸਨ, ਜਦੋਂਕਿ ਤੀਜੇ ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਇਹ ਤਿੰਨੇ ਨੌਜਵਾਨ ਵਿਆਹੇ ਹੋਏ ਸਨ। ਜ਼ਖ਼ਮੀ ਦੋ ਨੌਜਵਾਨ ਹਰਮਨਪ੍ਰੀਤ ਸਿੰਘ ਵਾਸੀ ਗੁੰਮਟੀ ਅਤੇ ਹਰਮਨਦੀਪ ਸਿੰਘ ਵਾਸੀ ਢਿੱਲਵਾਂ ਦਾ ਮਾਲੇਰਕੋਟਲਾ ਵਿੱਚ ਇਲਾਜ ਚੱਲ ਰਿਹਾ ਹੈ।
ਸੰਦੌੜ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ। ਪੁਲੀਸ ਅਨੁਸਾਰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਸੜਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ

ਜਲੰਧਰ (ਹਤਿੰਦਰ ਮਹਿਤਾ): ਕਿਸ਼ਨਗੜ੍ਹ-ਪਠਾਨਕੋਟ ਰੋਡ ’ਤੇ ਅੱਜ ਤੜਕੇ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਅੰਮ੍ਰਿਤਸਰ ਤੋਂ 9 ਦੋਸਤ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੁਰਨੀ ਦੇ ਦਰਬਾਰ ’ਤੇ ਮੱਥਾ ਟੇਕਣ ਜਾ ਰਹੇ ਸਨ। ਇਕ ਕਾਰ ਵਿੱਚ ਚਾਰ ਅਤੇ ਦੂਜੀ ਵਿੱਚ ਪੰਜ ਦੋਸਤ ਸਵਾਰ ਸਨ। ਇਨ੍ਹਾਂ ਵਿੱਚੋਂ ਇਕ ਕਾਰ ਕਿਸ਼ਨਗੜ੍ਹ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਰੋਡ ਸੇਫਟੀ ਫੋਰਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਜਿਨ੍ਹਾਂ ਸਾਰਿਆਂ ਨੂੰ ਕਾਰ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰਾਂ ਦੀ ਹਾਲਤ ਨਾਜ਼ੁਕ ਹੈ। ਘਟਨਾ ਸਬੰਧੀ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਮੋਹਿਤ ਗੁਪਤਾ ਵਾਸੀ ਅੰਮ੍ਰਿਤਸਰ ਛਾਉਣੀ ਅਤੇ ਸੰਜੀਵ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਰਾਹੁਲ ਕੁਮਾਰ ਅਤੇ ਹੈਪੀ ਸਿੰਘ ਵਾਸੀ ਅੰਮ੍ਰਿਤਸਰ ਸ਼ਾਮਲ ਹਨ। ਘਟਨਾ ਸਮੇਂ ਕਾਰ ਨੂੰ ਹਰਪ੍ਰੀਤ ਸਿੰਘ ਉਰਫ ਹੈਪੀ ਸਿੰਘ ਚਲਾ ਰਿਹਾ ਸੀ। ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਕਿਸ਼ਨਗੜ੍ਹ ਚੌਕ ਕੋਲ ਸਵਿੱਫਟ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਮਗਰੋਂ ਮਾਮਲੇ ਦੀ ਸੂਚਨਾ ਆਦਮਪੁਰ ਦੀ ਪੁਲੀਸ ਚੌਕੀ ਅਲਾਵਲਪੁਰ ਨੂੰ ਦਿੱਤੀ ਗਈ। ਏਐੱਸਆਈ ਪਰਮਜੀਤ ਸਿੰਘ ਆਪਣੀ ਟੀਮ ਨਾਲ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ।