Punjab News: ਹਰਮਨਜੋਤ ਦੀ ਮ੍ਰਿਤਕ ਦੇਹ ਇੰਗਲੈਂਡ ਤੋਂ ਭਾਰਤ ਪੁੱਜੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਮਾਰਚ
Punjab News: ਸੁਨਹਿਰੇ ਭਵਿੱਖ ਦੀ ਆਸ ’ਚ ਕਰੀਬ ਡੇਢ ਸਾਲ ਪਹਿਲਾਂ ਇੰਗਲੈਂਡ ਗਏ ਪਿੰਡ ਲੱਖਣ ਕੇ ਪੱਡਾ ਜ਼ਿਲ੍ਹਾ ਕਪੂਰਥਲਾ ਦੇ 23 ਸਾਲਾ ਨੌਜਵਾਨ ਹਰਮਨਜੋਤ ਸਿੰਘ ਦਾ ਮ੍ਰਿਤਕ ਸਰੀਰ ਸ਼ਨਿੱਚਰਵਾਰ ਨੂੰ ਅਮ੍ਰਿੰਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੁੱਜ ਗਿਆ। ਇਸ ਨੂੰ ਲੈਣ ਲਈ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜਿਨ੍ਹਾਂ ਦੇ ਯਤਨਾਂ ਨਾਲ ਮ੍ਰਿਤਕ ਦੇਹ ਭਾਰਤ ਪਹੁੰਚੀ ਹੈ, ਹਵਾਈ ਅੱਡੇ ਉੱਤੇ ਪੁੱਜੇ ਹੋਏ ਸਨ।
ਸ੍ਰੀ ਧਾਲੀਵਾਲ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਹ ਵੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਸ ਮੌਤ ਦੇ ਕਾਰਨਾਂ ਦੀ ਪੜਤਾਲ ਇੰਗਲੈਂਡ ਸਰਕਾਰ ਨਾਲ ਮਿਲ ਕੇ ਪੂਰੀ ਕਰਵਾਈ ਜਾਵੇ, ਤਾਂ ਜੋ ਮੌਤ ਦਾ ਭੇਤ ਸਾਹਮਣੇ ਆ ਸਕੇ। ਦੱਸਣ ਯੋਗ ਹੈ ਕਿ ਨੌਜਵਾਨ ਹਰਮਨਜੋਤ ਫਰਵਰੀ ਮਹੀਨੇ ਇੰਗਲੈਂਡ ਦੇ ਸ਼ਹਿਰ ਹੈਲੀਫੈਕਸ ਵੈਸਟ ਯੌਰਕਸ਼ਾਇਰ (ਬਰੈਡਫੋਰਡ) ਵਿੱਚ ਸ਼ੱਕੀ ਹਾਲਤਾਂ ਵਿਚ ਬੇਹੋਸ਼ ਮਿਲਿਆ ਸੀ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਾਡੇ ਲਈ ਬੜੇ ਦੁੱਖ ਦੀ ਘੜੀ ਹੁੰਦੀ ਹੈ, ਜਦੋਂ ਸਾਨੂੰ ਉਨ੍ਹਾਂ ਨੌਜਵਾਨਾਂ ਜੋ ਕਿ ਪਰਿਵਾਰ ਦੇ ਸੁਪਨੇ ਪੂਰੇ ਕਰਨ ਲਈ ਅਤੇ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ਾਂ ਦੀ ਧਰਤੀ ਉੱਤੇ ਗਏ ਹੁੰਦੇ ਹਨ, ਤੇ ਕਿਸੇ ਕਾਰਨ ਉਨ੍ਹਾਂ ਦੀ ਜਾਨ ਜਾਂਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਰਿਵਾਰ ਉੱਤੇ ਜੋ ਦੁੱਖਾਂ ਦਾ ਪਹਾੜ ਟੁੱਟਦਾ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਪੰਜਾਬ ਨੂੰ ਅਜਿਹਾ ਖੁਸ਼ਹਾਲ ਬਣਾਈਏ ਕਿ ਸਾਨੂੰ ਕਮਾਈ ਕਰਨ ਲਈ ਵਿਦੇਸ਼ ਵਿੱਚ ਨਾ ਜਾਣਾ ਪਵੇ।