ਜੀਟੀਬੀ ਦੀਆਂ ਵਿੱਦਿਅਕ ਸੰਸਥਾਵਾਂ ਨੇ ਟੂਰ ਲਾਇਆ
ਪੱਤਰ ਪ੍ਰੇਰਕ
ਦਸੂਹਾ, 17 ਮਾਰਚ
ਇੱਥੇ ਐਜੂਕੇਸ਼ਨਲ ਟਰੱਸਟ ਦਸੂਹਾ ਵੱਲੋਂ ਸੰਚਾਲਿਤ ਵਿੱਦਿਅਕ ਸੰਸਥਾਵਾਂ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਅਤੇ ਜੀਟੀਬੀ ਖਾਲਸਾ ਕਾਲਜ (ਬੀ.ਐੱਡ) ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਲਈ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਗਈ। ਟੂਰ ਵਿੱਚ ਦੋਵੇਂ ਸੰਸਥਾਵਾਂ ਦੇ ਕਰੀਬ 322 ਵਿਦਿਆਰਥੀਆਂ ਤੇ 54 ਸਟਾਫ ਮੈਂਬਰਾਂ ਨੇ ਹਿੱਸਾ ਲਿਆ। ਟੂਰ ਦੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆ ਕਾਲਜ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਸਹਿ-ਅਕਾਦਮਿਕ ਟੂਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਹਾਈ ਸਾਾਬਤ ਹੁੰਦੇ ਹਨ। ਟੂਰ ਦੌਰਾਨ ਵਿਦਿਆਰਥੀਆਂ ਨੂੰ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਦਾ ਇਤਿਹਾਸਿਕ ਕਿਲਾ ਦਿਖਾਇਆ ਗਿਆ ਜਿੱਥੇ ਉਨਾਂ ਪ੍ਰਾਚੀਨ ਭਾਰਤ ਨਿਰਮਾਣ ਕਲਾ ਦੇ ਸੁੰਦਰ ਨਮੂਨੇ, ਕਿਲੇ ਦੀਆਂ ਦੀਵਾਰਾਂ ‘ਤੇ ਉਕਰੀ ਵਿਲੱਖਣ ਚਿੱਤਰਕਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸੇ ਹੀ ਕਿਲ੍ਹੇ ਵਿੱਚ ਵਿਦਿਆਰਥੀਆਂ ਨੇ ਰਾਜਾ ਜਗਤ ਸਿੰਘ ਵੱਲੋਂ ਬਣਵਾਇਆ ਸ੍ਰੀ ਕ੍ਰਿਸ਼ਨ ਤੇ ਮੀਰਾ ਦੀਆਂ ਮੂਰਤੀਆਂ ਨਾਲ ਸੁਸ਼ੁੋਭਿਤ ਮੰਦਿਰ, ਪਠਾਨਕੋਟ ਦੇ ਸਰਨਾ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਬਾਠ ਸਾਹਿਬ ਦੇ ਦਰਸ਼ਨ ਕੀਤੇ। ਕਾਲਜ ਪ੍ਰਬੰਧਕਾਂ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਤੇ ਪ੍ਰਿੰ. ਸੰਦੀਪ ਕੌਰ ਬੋਸਕੀ ਨੇ ਕਿਹਾ ਕਿ ਅਜਿਹੇ ਟੂਰ ਨਾ ਸਿਰਫ ਵਿਦਿਆਰਥੀਆਂ ਲਈ ਮਨੋਰੰਜਨ ਦੇ ਸਾਧਨ ਬਣਦੇ ਹਨ ਬਲਕਿ ਉਨ੍ਹਾਂ ਨੂੰ ਆਪਣੀ ਅਮੀਰ ਸੱਭਿਅਤਾ ਤੇ ਸੰਸਕ੍ਰਿਤੀ ਨਾਲ ਰੂਬਰੂ ਹੋਣ ਦਾ ਵੀ ਮੌਕਾ ਮਿਲਦਾ ਹੈ।