ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲੇ ਕਾਬੂ
ਸਰਬਜੀਤ ਗਿੱਲ
ਫਿਲੌਰ, 17 ਮਾਰਚ
ਪੁਲੀਸ ਨੇ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਸਨੀ ਵਾਸੀ ਨੰਗਲ ਸ਼ਾਮਾ, ਕਪੂਰਥਲਾ, ਮੋਜਿਸ ਮਸੀਹ ਉਰਫ ਬੱਲੀ ਵਾਸੀ ਸ਼ਾਮਪੁਰਾ ਥਾਣਾ ਸਦਰ ਬਟਾਲਾ, ਪਵਨ ਕੁਮਾਰ ਉਰਫ ਸਨੀ ਵਾਸੀ ਮੁਹੱਲਾ ਸੰਤਪੁਰਾ, ਸ਼ਤਰੂਧਨ ਪਾਸਵਾਨ ਵਾਸੀ ਸਰਮਸਤੀਪੁਰ ਬਿਹਾਰ ਹਾਲ ਵਾਸੀ ਸ਼ੇਖੂਪੁਰਾ ਥਾਣਾ ਸਿਟੀ ਕਪੂਰਥਲਾ ਨੂੰ ਕਾਬੂ ਕਰ ਕੇ ਟਰੱਕ ਵਿੱਚੋਂ ਭਾਰੀ ਮਾਤਰਾ ਵਿੱਚ ਟਰਾਂਸਫਾਰਮਰਾਂ ਵਿੱਚੋਂ ਚੋਰੀ ਕੀਤੇ ਤੇਲ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਡੀਐੱਸਪੀ ਨੇ ਅੱਗੇ ਦੱਸਿਆ ਕਿ ਇਸ ਗਰੋਹ ਵੱਲੋਂ ਮਿਲ ਕੇ ਰਾਤ ਸਮੇਂ ਕਿਸਾਨਾਂ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕੀਤਾ ਜਾਂਦਾ ਸੀ ਅਤੇ ਹੁਣ ਤੱਕ ਇਸ ਗਰੋਹ ਵਲੋਂ ਲੁਧਿਆਣਾ, ਖੰਨਾ, ਨਵਾਂ ਸ਼ਹਿਰ ਸਮੇਤ ਕਈ ਹੋਰ ਥਾਵਾਂ ਤੋਂ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਡੀਐੱਸਪੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਪਾਸੋਂ ਇੱਕ ਟਰੱਕ ਅਸ਼ੋਕਾ ਲੇਲੈਂਡ ਪੀਬੀ 11 ਏਐੱਮ 9649, ਤਿੰਨ ਡਰੰਮ ਭਰੇ ਹੋਏ ਟਰਾਂਸਫਾਰਮਰਾਂ ਦਾ ਤੇਲ, 2 ਖਾਲੀ ਕੇਨ ਸਮੇਤ ਹੋਰ ਸਾਮਾਨ ਬਾਰਮਦ ਕੀਤਾ ਗਿਆ। ਪੁਲੀਸ ਮੁਤਾਬਿਕ ਸਨੀ, ਪਵਨ ਅਤੇ ਸ਼ਤਰੂਧਨ ਪਾਸਵਾਨ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 8-8 ਮੁਕੱਦਮੇ ਦਰਜ ਹਨ।