ਪੰਜਾਬ ਦੀ ਭਲਾਈ ਲਈ ਬਸਪਾ ਦੀ ਸਰਕਾਰ ਜ਼ਰੂਰੀ: ਕਰੀਮਪੁਰੀ
ਸੁਰਜੀਤ ਮਜਾਰੀ
ਬੰਗਾ, 17 ਮਾਰਚ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਰਾਜ ਕਰ ਚੁੱਕੀਆਂ ਧਿਰਾਂ ਵਾਂਗ ਲੋਕ ਮੁੱਦਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤਾਂ ਦੀ ਰੱਖਿਆ ਲਈ ਬਸਪਾ ਦੀ ਸਰਕਾਰ ਜ਼ਰੂਰੀ ਹੈ। ਉਹ ਪਿੰਡ ਬਾਹੜੋਵਾਲ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਕਰੀਮਪੁਰੀ ਨੇ ਕਿਹਾ ਕਿ ‘ਆਪ’ ਨੁਮਾਇੰਦੇ ਅਤੇ ਵਿਰੋਧੀ ਖੇਮੇ ਵਿੱਚ ਬੈਠੇ ਕਾਂਗਰਸੀ ਲੀਡਰ ਇੱਕ ਦੂਜੇ ਦੀ ਆਲੋਚਨਾ ਕਰਨ ’ਤੇ ਹੀ ਲੱਗੇ ਰਹੇ ਜਿਸ ਨਾਲ ਪੰਜਾਬ ਦੇ ਜ਼ਮੀਨੀ ਹਾਲਾਤ ਨਾਲ ਜੁੜੇ ਮਸਲੇ ਅੱਖੋਂ ਪਰੋਖੇ ਹੋ ਕੇ ਰਹਿ ਗਏ।
ਕਰੀਮਪੁਰੀ ਨੇ ਕਿਹਾ ਕਿ ਅਜੋਕਾ ਰਾਜਸੀ ਢਾਂਚਾ ਲੋਕਾਂ ਦੇ ਦੁੱਖ ਦਰਦ ਵੰਡਾਉਣ ਜਾਂ ਉਨ੍ਹਾਂ ਦੀ ਸਹੀ ਨੁਮਾਇੰਦਗੀ ਕਰਨ ਪੱਖੋਂ ਪਛੜ ਕੇ ਰਹਿ ਗਿਆ ਹੈ ਅਤੇ ਰਾਜਗੱਦੀ ਦਾ ਆਨੰਦ ਲੈ ਰਹੇ ਆਗੂਆਂ ਨੇ ਸਿਆਸੀ ਖੇਤਰ ਨੂੰ ਦੁਕਾਨਦਾਰੀ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਬਾਬੂ ਕਾਂਸ਼ੀਰਾਮ ਦੇ ਸੁਫਨਿਆਂ ਦਾ ਰਾਜ ਸਥਾਪਿਤ ਕਰਨ ਲਈ ਬੂਥ ਪੱਧਰ ’ਤੇ ਹੋਰ ਲਾਮਬੰਦ ਹੋ ਜਾਣ।
ਇਸ ਦੌਰਾਨ ਉਨ੍ਹਾਂ ਬਸਪਾ ਬਾਨੀ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ ਰੱਖੀ ਸੂਬਾ ਪੱਧਰੀ ਰੈਲੀ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਰਗਰ ਦੱਸਿਆ। ਉਨ੍ਹਾਂ ਕਿਹਾ ਕਿ ਮੌਸਮੀਂ ਰੋਕਾਂ ਦੇ ਬਾਵਜੂਦ ਪਾਰਟੀ ਵਰਕਰਾਂ ਦੇ ਇਕੱਠ ਨੇ ਵਿਰੋਧੀ ਖੇਮੇ ਨੂੰ ਬੇਚੈਨ ਕਰ ਦਿੱਤਾ ਹੈ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ, ਨੰਬਰਦਾਰ ਨਰਿੰਦਰ ਕੁਮਾਰ, ਬਸਪਾ ਆਗੂ ਰਾਮੇਸ਼ ਕੁਮਾਰ ਵੀ ਹਾਜ਼ਰ ਸਨ।