ਲੁਟੇਰਿਆਂ ਨੇ ਦੁਕਾਨ ਮਾਲਕ ਨੂੰ ਗੋਲੀ ਮਾਰੀ
ਸੁੱਚਾ ਸਿੰਘ ਪਸਨਾਵਾਲ
ਕਾਦੀਆਂ, 17 ਮਾਰਚ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਇੱਥੋਂ ਨਜ਼ਦੀਕ ਪੁਲ ਸਠਿਆਲੀ ’ਤੇ ਸਥਿਤ ਇਲੈਕਟ੍ਰਾਨਿਕ ਦੀ ਦੁਕਾਨ ਦੇ ਮਾਲਕ ਨੂੰ ਅੱਜ ਦੇਰ ਸ਼ਾਮ ਲੁਟੇਰਿਆਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਅਧਿਆਪਕ ਇਕਬਾਲ ਸਿੰਘ ਪੁੱਤਰ ਜਵੰਦ ਸਿੰਘ ਵਾਸੀ ਨੈਣੇਕੋਟ ਵਜੋਂ ਹੋਈ। ਨਕਾਬਪੋਸ਼ ਲੁਟੇਰਿਆਂ ਨੇ ਸਠਿਆਲੀ ਪੁਲ ’ਤੇ ਇਲੈਕਟ੍ਰਾਨਿਕ ਦੀ ਦੁਕਾਨ ਵਿੱਚ ਸ਼ਾਮਿਲ ਹੋ ਕੇ ਮਾਲਕ ਉੱਤੇ ਹਮਲਾ ਕੀਤਾ ਜਿਦਾ ਇਕਬਾਲ ਸਿੰਘ ਨੇ ਰਿਵਾਇਤੀ ਹਥਿਆਰ ਨਾਲ ਮੁਕਾਬਲਾ ਕੀਤਾ। ਇਸ ਝੜਪ ਦੌਰਾਨ ਗੋਲੀ ਲੱਗਣ ਕਾਰਨ ਇਕਬਾਲ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਨੇੜਲੇ ਇੱਕ ਹਸਪਤਾਲ ਪਹਿਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਕਾਹਨੂੰਵਾਨ ਦੇ ਮੁਖੀ ਕੁਲਵਿੰਦਰਜੀਤ ਸਿੰਘ ਅਤੇ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਵਿੱਚ ਪਹੁੰਚ ਕੇ ਜ਼ਖਮੀ ਇਕਬਾਲ ਸਿੰਘ ਸਿੰਘ ਕੋਲੋਂ ਜਾਣਕਾਰੀ ਹਾਸਿਲ ਕੀਤੀ। ਡੀਐੱਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੁਲੀਸ ਵੱਲੋਂ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਦਿੱਤੇ ਗਏ ਹਨ ਅਤੇ ਆਸ ਪਾਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਸ਼ੱਕੀ ਵਿਅਕਤੀਆਂ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।