ਈਟੀਓ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਗਰਾਂਟਾਂ ਵੰਡੀਆਂ
ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 17 ਮਾਰਚ
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਵੀਹ ਪੰਚਾਇਤਾਂ ਨੂੰ ਪੰਜ ਪੰਜ ਲੱਖ ਰੁਪਏ ਦੇ ਚੈੱਕ ਸੌਂਪੇ। ਜ਼ਿਕਰਯੋਗ ਹੈ ਕਿ ਪੰਚਾਇਤ ਚੋਣਾਂ ਵਿੱਚ ਈਟੀਓ ਨੇ ਇਹ ਵਾਅਦਾ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ, ਦੇ ਵਿਕਾਸ ਲਈ ਉਹ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ-ਪੰਜ ਲੱਖ ਰੁਪਏ ਦੇਣਗੇ।
ਜਿਨ੍ਹਾਂ ਪੰਚਾਇਤਾਂ ਨੂੰ ਗਰਾਂਟਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਪੰਚਾਇਤਾਂ ਵਿੱਚ ਪਿੰਡ ਮੀਰਾ ਚੱਕ, ਪਿੰਡ ਕੁਹਾਟਵਿੰਡ ਮੁਸਲਮਾਨਾ, ਪਿੰਡ ਸ਼ਾਹਪੁਰ ਖੁਰਦ, ਰਾਏਪੁਰ ਖੁਰਦ, ਕੋਟਿ ਹਿਆਤ, ਨੰਗਲੀ ਕਲਾਂ, ਦਿਆਲਗੜ, ਉਸਮਾ, ਸਫੀਪੁਰ ਤੇ ਜੰਡਿਆਲਾ ਗੁਰੂ ਸ਼ਾਮਿਲ ਹੈ। ਉਨ੍ਹਾਂ ਇਨ੍ਹਾਂ ਪੰਚਾਇਤਾਂ ਨੂੰ ਕਰੀਬ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਦਿਆਂ ਤਕੜੇ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪੰਜ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੀ ਹੈ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤੀ ਗਈ ਪੰਜ ਪੰਜ ਲੱਖ ਰੁਪਏ ਦੀ ਗਰਾਂਟ ਵੀ ਛੇਤੀ ਹੀ ਇਨ੍ਹਾਂ ਦੇ ਖਾਤਿਆਂ ਵਿੱਚ ਆ ਜਾਵੇਗੀ। ਉਨ੍ਹਾਂ ਨੇ ਪੰਚਾਇਤਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਵਿਕਾਸ ਕੰਮਾਂ ਮੌਕੇ ਪਿੰਡਾਂ ਦੇ ਵਿੱਚ ਕੋਈ ਪਾਰਟੀਬਾਜੀ ਨਾ ਵੇਖਣ ਬਲਕਿ ਹਰੇਕ ਪਿੰਡ ਦੀ ਲੋੜ ਅਤੇ ਤਰਜੀਹ ਅਨੁਸਾਰ ਕੰਮ ਕਰਨੇ ਯਕੀਨੀ ਬਣਾਉਣ। ਇਸ ਮੌਕੇ ਸੁਨੈਨਾ ਰੰਧਾਵਾ, ਸਤਿੰਦਰ ਸਿੰਘ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਹਰਪਾਲ ਚੌਹਾਨ, ਜੱਜ ਨਿੱਜਰਪੁਰਾ ਤੇ ਪਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।