ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਸੰਤ ਮੇਲਾ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਾਰਚ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਫੁੱਲਾਂ, ਪੌਦਿਆਂ ਤੇ ਰੰਗੋਲੀ ਦਾ ਬਸੰਤ ਮੇਲਾ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਸਾਹਮਣੇ ਸ਼ੁਰੂ ਹੋਇਆ। ਇਹ ਮੇਲਾ ਲੈਂਡਸਕੇਪ ਵਿਭਾਗ ਵੱਲੋਂ ਬੋਟੈਨੀਕਲ ਐਂਡ ਐਨਵਾਇਰਨਮੈਂਟਲ ਸਾਇੰਸਜ਼ ਵਿਭਾਗ ਅਤੇ ਡੀਨ ਕਾਲਜ ਵਿਕਾਸ ਕੌਂਸਲ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਇਹ ਫੈਸਟੀਵਲ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪਰਿਸ਼ਦ ਅਤੇ ਭਾਰਤ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਸਪਾਂਸਰ ਕੀਤਾ ਗਿਆ ਹੈ ਅਤੇ ਅਕਾਦਮਿਕ ਸਾਲ 2024-25 ਲਈ ਮਿਸ਼ਨ ਲਾਈਫ (ਵਾਤਾਵਰਣ ਲਈ ਜੀਵਨ ਸ਼ੈਲੀ) ਤਹਿਤ ਈਕੋ-ਸਿਸਟਮ ਰੀਸਟੋਰੇਸ਼ਨ ਅਤੇ ਗ੍ਰੀਨ ਇਨੋਵੇਸ਼ਨ ਪ੍ਰੋਗਰਾਮਾਂ ਦਾ ਹਿੱਸਾ ਹੈ। ਇਸ ਮੇਲੇ ਵਿੱਚ ਵੱਖ-ਵੱਖ ਵਿਅਕਤੀਆਂ, ਸੰਸਥਾਵਾਂ, ਕਾਲਜਾਂ ਅਤੇ ਸਕੂਲਾਂ ਵੱਲੋਂ ਵੱਖ ਵੱਖ ਫੁੱਲਾਂ ਅਤੇ ਪੌਦਿਆਂ ਦੇ ਪ੍ਰਦਰਸ਼ਨਾਂ ਅਤੇ ਰੰਗੋਲੀ ਕਲਾ ਰਾਹੀਂ ਰਚਨਾਤਮਕਤਾ ਅਤੇ ਵਾਤਾਵਰਣ ਜਾਗਰੂਕਤਾ ਨੂੰ ਉਜਾਗਰ ਕੀਤਾ ਜਾਵੇਗਾ। ਅੱਜ ਪ੍ਰਾਪਤ ਹੋਈਆਂ ਐਂਟਰੀਆਂ ਵਿਚ ਸਰਦੀਆਂ ਦੇ ਫੁੱਲਾਂ ਦੀਆਂ 100, ਪੌਦਿਆਂ ਦੀਆਂ 85, ਕੈਕਟਸ ਆਦਿ ਦੀਆਂ 50, ਬੋਨਸਾਈ ਦੀਆਂ 10 ਅਤੇ ਰੰਗੋਲੀਆਂ ਦੀਆਂ 15 ਐਂਟਰੀਆਂ ਪ੍ਰਾਪਤ ਹੋਈਆਂ।
ਫੈਸਟੀਵਲ ਦੇ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ, ਅਤੇ ਡਾ. ਆਸਥਾ ਭਾਟੀਆ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹਰ ਸਾਲ ਕਰਵਾਏ ਜਾਂਦੇ ਇਸ ਮੇਲੇ ਰਾਹੀਂ ਕੁਦਰਤ ਨੂੰ ਮਾਨਣ ਅਤੇ ਸਾਂਭਣ ਦਾ ਸੁਨੇਹਾ ਸਾਰੇ ਵਿਸ਼ਵ ਵਿਚ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਵਿਚ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ।