ਕੈਬਨਿਟ ਮੰਤਰੀ ਨੇ ਸਰਸ ਮੇਲੇ ਦਾ ਆਨੰਦ ਮਾਣਿਆ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਾਰਚ
ਹਸਤ ਕਲਾ ਦੇ ਕਾਰੀਗਰਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਦਸ ਰੋਜ਼ਾ ਸਰਸ ਮੇਲੇ ਦੇ ਦੂਸਰੇ ਦਿਨ ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਗੀਤਾਂ ਦੀ ਛਹਿਬਰ ਲਗਾਈ। ਮੇਲੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਸ਼ਾਮਲ ਹੋਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਮਨੀਸ਼ ਅਗਰਵਾਲ, ਡੀਡੀਪੀਓ ਸੰਦੀਪ ਮਲਹੋਤਰਾ, ਕੌਂਸਲਰ ਵਿਜੇ ਦੱਤ, ਜਸਕਰਨ ਸਿੰਘ ਬਦੇਸ਼ਾ ਅਤੇ ਹੋਰ ਪਤਵੰਤੇ ਹਾਜ਼ਰ ਸਨ। ਮਹਿਮਾਨਾਂ ਨੇ ਇਸ ਮੌਕੇ ਗਾਇਕ ਜੋੜੀ ਦੀ ਗਾਇਕੀ ਦਾ ਆਨੰਦ ਮਾਣਿਆ।
ਸ੍ਰੀ ਧਾਲੀਵਾਲ ਨੇ ਪੰਜਾਬ ਵਿੱਚ ਮੇਲਿਆਂ ਦਾ ਮਾਹੌਲ ਸਿਰਜਣ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਛਿੰਝਾਂ, ਮੇਲੇ ਰੰਗਲੇ ਪੰਜਾਬ ਦੀ ਸ਼ੁਰੂਆਤ ਹੈ। ਉਨ੍ਹਾਂ ਜ਼ਿਲ੍ਹੇ ਦੇ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਨਣ ਲਈ ਸੱਦਾ ਦਿੱਤਾ। ਉਨ੍ਹਾਂ ਮੇਲੇ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਧੰਨਵਾਦ ਕੀਤਾ। ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ ਨੇ ਦੱਸਿਆ ਕਿ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਅਤੇ ਲੋਕਾਂ ਨੂੰ ਖਰੀਦ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕੱਲ 18 ਮਾਰਚ ਨੂੰ ਭੰਗੜਾ ਨਾਈਟ ਨਾਲ ਗਾਇਕ ਗੁਰਪ੍ਰੀਤ ਗਿੱਲ, 19 ਮਾਰਚ ਨੂੰ ਜਿਉਣਾ ਅਦਲੀਵਾਲ ਅਤੇ ਮੌਂਟੀ ਵਾਰਸ ਵੀ, 20 ਮਾਰਚ ਨੂੰ ਹਰਿੰਦਰ ਸੋਹਲ, 21 ਮਾਰਚ ਨੂੰ ਪੰਜਾਬ ਦੇ ਗਾਇਕ ਰਵਿੰਦਰ ਗਰੇਵਾਲ ਅਤੇ 22 ਮਾਰਚ ਨੂੰ ਨਿਰਵੈਰ ਪੰਨੂ ਦਰਸ਼ਕਾਂ ਦੇ ਰੂਬਰੂ ਹੋਣਗੇ।