ਹਰਿਮੰਦਰ ਸਾਹਿਬ ’ਚ ਸੋਨੇ ਦੇ ਪੱਤਰਿਆਂ ਦੀ ਸਫਾਈ ਤੇ ਧੁਆਈ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਾਰਚ
ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਅੱਜ ਆਰੰਭ ਹੋ ਗਈ ਹੈ ਜੋ ਲਗਭਗ 10 ਦਿਨ ਚੱਲੇਗੀ। ਹਰ ਸਾਲ ਵਾਂਗ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਸੌਂਪੀ ਗਈ ਹੈ ਅਤੇ ਉਸ ਦੇ ਮੈਂਬਰਾਂ ਵੱਲੋਂ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਸੇਵਾ ਅੱਜ ਵਿਧੀਵਤ ਢੰਗ ਨਾਲ ਆਰੰਭ ਕੀਤੀ ਗਈ ਹੈ।
ਇਸ ਸਬੰਧੀ ਸ਼੍ਰੀ ਹਰਿਮੰਦਰ ਸਾਹਿਬ ਦੀ ਉੱਪਰਲੀ ਮੰਜ਼ਲ ’ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਗਈ। ਅਰਦਾਸ ਤੋਂ ਬਾਅਦ ਸੋਨੇ ਦੇ ਪੱਤਰਿਆਂ ਦੀ ਸਫਾਈ ਤੇ ਧੁਆਈ ਦਾ ਕਾਰਜ ਆਰੰਭ ਕੀਤਾ ਗਿਆ। ਇਸ ਸਬੰਧੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਗਮ ਦੇ ਮੁਖੀ ਭਾਈ ਮਹਿੰਦਰ ਸਿੰਘ ਦੀ ਅਗਵਾਈ ਹੇਠ ਬਰਮਿੰਘਮ ਤੋਂ ਸੇਵਕ ਦਲ ਦਾ ਜਥਾ ਇੱਥੇ ਪੁੱਜਾ ਹੈ ਜਿਨ੍ਹਾਂ ਵੱਲੋਂ ਸੋਨੇ ਦੇ ਪੱਤਰਿਆਂ ਦੀ ਧੁਆਈ ਅਤੇ ਸਫਾਈ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੱਗੇ ਸੋਨੇ ਦੇ ਪੱਤਰੇ ਬਦਲਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਲਗਭਗ 10 ਦਿਨ ਚੱਲੇਗੀ।
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦ ਅਤੇ ਇਮਾਰਤ ’ਤੇ ਲੱਗੇ ਸੋਨੇ ਦੇ ਪੱਤਰੇ ਛੇ ਸੱਤ ਮਹੀਨੇ ਵਿੱਚ ਹੀ ਕਾਲੇ ਪੈਣ ਲੱਗ ਪੈਂਦੇ ਹਨ। ਜਿਸ ਕਾਰਨ ਇਹਨਾਂ ਨੂੰ ਸਾਲ ਵਿੱਚ ਦੋ ਵਾਰ ਧੁਆਈ ਦੀ ਸੇਵਾ ਦੀ ਲੋੜ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ 27 ਮਾਰਚ ਤੱਕ ਚੱਲੇਗੀ। ਇਸ ਦੌਰਾਨ ਸੇਵਾ ਦੇ ਆਰੰਭ ਮੌਕੇ ਕੀਤੀ ਗਈ ਅਰਦਾਸ ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਮੈਂਬਰਾਂ ਤੋਂ ਇਲਾਵਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ, ਗ੍ਰੰਥੀ ਗਿਆਨੀ ਸੁਲਤਾਨ ਸਿੰਘ ਤੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਤੇ ਹੋਰ ਅਧਿਕਾਰੀ ਸ਼ਾਮਿਲ ਸਨ।