Punjab News - Gangster Goldy Brar: ਪੁਲੀਸ ਵੱਲੋਂ ਫਿਰੌਤੀ ਰੈਕਟ ਦਾ ਪਰਦਾਫਾਸ਼, ਗੈਂਗਸਟਰ ਗੋਲਡੀ ਬਰਾੜ ਦਾ ‘ਭਰਾ’ ਗ੍ਰਿਫ਼ਤਾਰ
ਖ਼ੁਦ ਨੂੰ ਵਿਦੇਸ਼ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਦੱਸ ਕੇ ਮੁਲਜ਼ਮ ਮੰਗ ਰਿਹਾ ਸੀ ਆਟੋ-ਮੋਬਾਈਲ ਸ਼ੋਅਰੂਮ ਦੇ ਮਾਲਕ ਤੋਂ ਇੱਕ ਕਰੋੜ ਦੀ ਫਿਰੌਤੀ; ਸੋਹਾਣਾ ਥਾਣੇ ’ਚ ਕੇਸ ਦਰਜ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 19 ਅਪਰੈਲ
ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (Anti Gangster Task Torce Punjab - AGTF) ਨੇ ਖ਼ੁਦ ਨੂੰ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਭਰਾ ਦੱਸ ਕੇ ਸਥਾਨਕ ਆਟੋ-ਮੋਬਾਈਲ ਸ਼ੋਅਰੂਮ ਮਾਲਕ ਤੋਂ ਜਬਰੀ ਪੈਸੇ ਵਸੂਲਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਮੁਹਾਲੀ ’ਚੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਲਵਜੀਤ ਸਿੰਘ ਵਾਸੀ ਬਰਗਾੜੀ (ਫਰੀਦਕੋਟ) ਵਜੋਂ ਹੋਈ ਹੈ।
ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗੀ ਸੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਸਬੰਧੀ ਮੁਲਜ਼ਮ ਲਵਜੀਤ ਸਿੰਘ ਦੇ ਖ਼ਿਲਾਫ਼ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨੇ ਪੁਲੀਸ ਤੋਂ ਬਚਣ ਲਈ ਆਪਣੀ ਪਛਾਣ ਛੁਪਾਉਣ ਅਤੇ ਫਿਰੌਤੀ ਕਾਲਾਂ ਕਰਨ ਲਈ ਵਰਚੁਅਲ ਨੰਬਰਾਂ ਅਤੇ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਦੀ ਵਰਤੋਂ ਕੀਤੀ ਹੈ। ਲੋਕਾਂ ਨੂੰ ਫ਼ਰਜ਼ੀ ਫਿਰੌਤੀ ਕਾਲਾਂ ਤੋਂ ਖ਼ਬਰਦਾਰ ਕਰਦਿਆਂ ਪੁਲੀਸ ਮੁਖੀ ਨੇ ਕਿਹਾ ਕਿ ਹਾਲ ਹੀ ਵਿੱਚ ਇਹ ਦੇਖਿਆ ਗਿਆ ਹੈ ਕਿ ਕਈ ਅਣਪਛਾਤੇ ਅਪਰਾਧੀ, ਜਿਨ੍ਹਾਂ ਦਾ ਕਿਸੇ ਵੀ ਗਰੋਹ ਜਾਂ ਗੈਂਗਸਟਰਾਂ ਨਾਲ ਕੋਈ ਸਬੰਧ ਵੀ ਨਹੀਂ ਹੁੰਦਾ, ਅਜਿਹੇ ਸੰਗਠਨਾਂ ਦਾ ਨਾਂ ਵਰਤ ਕੇ ਲੋਕਾਂ ਦੇ ਡਰ ਦਾ ਫ਼ਾਇਦਾ ਉਠਾ ਰਹੇ ਹਨ।
ਡੀਜੀਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਫਿਰੌਤੀ ਕਾਲਾਂ ਆਉਂਦੀਆਂ ਹਨ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕਾਨੂੰਨ ਆਪਣਾ ਕੰਮ ਸੁਚੱਜੇ ਢੰਗ ਨਾਲ ਕਰ ਸਕੇ।