ਟਰੰਪ ਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਵੱਲੋਂ ਦਰਜਨ ਤੋਂ ਵੱਧ ਸਮਝੌਤਿਆਂ ’ਤੇ ਦਸਤਖ਼ਤ
ਰਿਆਧ, 13 ਮਈ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪੱਛਮੀ ਏਸ਼ੀਆ ਦੇ ਚਾਰ ਰੋਜ਼ਾ ਦੌਰੇ ਦੇ ਸ਼ੁਰੂ ’ਚ ਅੱਜ ਸਾਊਦੀ ਅਰਬ ਪਹੁੰਚੇ ਜਿੱਥੇ ਉਨ੍ਹਾਂ ਨੇ ਆਰਥਿਕ ਤੇ ਦੁਵੱਲੇ ਸਹਿਯੋਗ ਸਬੰਧੀ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਇਸ ਦੌਰਾਨ ਟਰੰਪ ਨੇ ਅਤੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨਾਲ ਇਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਗਾਜ਼ਾ ’ਚ ਜੰਗ ਬਾਰੇ ਅਮਰੀਕਾ ਦੇ ਫ਼ਿਕਰਾਂ ਤੇ ਕੋਸ਼ਿਸ਼ਾਂ ਬਾਰੇ ਚਰਚਾ ਵੀ ਕੀਤੀ। ਇਸ ਤੋਂ ਪਹਿਲਾਂ ਟਰੰਪ ਆਪਣੇ ਜਹਾਜ਼ ਏਅਰ ਫੋਰਸ ਵਨ ਰਾਹੀਂ ਇੱਥੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ’ਤੇ ਪਹੁੰਚੇ ਜਿੱਥੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮਗਰੋਂ ਦੋਵੇਂ ਆਗੂ ਰਿਆਧ ਹਵਾਈ ਅੱਡੇ ’ਤੇ ਵੱਡੇ ਹਾਲ ’ਚ ਗਏ ਜਿੱਥੇ ਟਰੰਪ ਤੇ ਉਨ੍ਹਾਂ ਦੇ ਨਾਲ ਆਏ ਵਫ਼ਦ ਨੂੰ ਰਵਾਇਤੀ ਅਰਬੀ ਕੌਫ਼ੀ ਪਰੋਸੀ ਗਈ। ਡੋਨਲਡ ਟਰੰਪ ਨੇ ਦੁਵੱਲੀ ਮੀਟਿੰਗ ਦੀ ਸ਼ੁਰੂਆਤ ’ਚ ਸ਼ਹਿਜ਼ਾਦੇ ਦੀ ਮੌਜੂਦਗੀ ਦੌਰਾਨ ਕਿਹਾ, ‘‘ਮੈਨੂੰ ਯਕੀਨ ਹੈ ਕਿ ਅਸੀਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਾਂ।’’ ਬਾਅਦ ’ਚ ਉਨ੍ਹਾਂ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ, ਫੌਜਾਂ, ਨਿਆਂ ਵਿਭਾਗਾਂ ਤੇ ਸੱਭਿਆਚਾਰਕ ਅਦਾਰਿਆਂ ਵਿਚਾਲੇ ਦਰਜਨ ਤੋਂ ਵੱਧ ਸਮਝੌਤਿਆਂ ’ਤੇ ਦਸਤਖ਼ਤ ਕੀਤੇੇ। -ਪੀਟੀਆਈ
ਸੀਰੀਆ ਤੋਂ ਪਾਬੰਦੀਆਂ ਹਟਾਵਾਂਗੇ: ਟਰੰਪ
ਰਿਆਧ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਸੀਰੀਆ ਖ਼ਿਲਾਫ਼ ਸਾਰੀਆਂ ਪਾਬੰਦੀਆਂ ਹਟਾ ਦੇਣਗੇ, ਕਿਉਂਕਿ ਸੀਰੀਆ ਦੇ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਟਰੰਪ ਨੇ ਕਿਹਾ, ‘‘ਮੈਂ ਸੀਰੀਆਂ ਨੂੰ ਮੌਕਾ ਦੇਣ ਲਈ ਉਸ ਖ਼ਿਲਾਫ਼ ਪਾਬੰਦੀਆਂ ਖਤਮ ਕਰਨ ਦਾ ਹੁਕਮ ਦੇਵਾਂਗਾ।’’ -ਰਾਇਟਰਜ਼