ਜਸਟਿਸ ਗਵਈ ਤੋਂ ਵੱਡੀਆਂ ਉਮੀਦਾਂ: ਚੀਫ ਜਸਟਿਸ
ਨਵੀਂ ਦਿੱਲੀ, 13 ਮਈ
ਸੁਪਰੀਮ ਕੋਰਟ ਵਿੱਚ ਆਪਣੇ ਆਖਰੀ ਕੰਮਕਾਜੀ ਦਿਨ ’ਤੇ ਮਿਲੇ ਅਥਾਹ ਪਿਆਰ ਅਤੇ ਸਨਮਾਨ ਤੋਂ ਪ੍ਰਭਾਵਿਤ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਜਸਟਿਸ ਬੀ.ਆਰ. ਗਵਈ ਸੁਪਰੀਮ ਕੋਰਟ ਦੀਆਂ ਕਦਰਾਂ-ਕੀਮਤਾਂ, ਮੌਲਿਕ ਅਧਿਕਾਰਾਂ ਅਤੇ ਬੁਨਿਆਦੀ ਸੰਵਿਧਾਨਕ ਸਿਧਾਂਤਾਂ ਨੂੰ ਬਰਕਰਾਰ ਰੱਖਣਗੇ। ਇਸ ਰਸਮੀ ਵਿਦਾਇਗੀ ਬੈਂਚ ਵਿੱਚ ਸੇਵਾਮੁਕਤ ਚੀਫ ਜਸਟਿਸ, ਜਸਟਿਸ ਗਵਈ ਅਤੇ ਜਸਟਿਸ ਸੰਜੈ ਕੁਮਾਰ ਸ਼ਾਮਲ ਸਨ। ਇਸ ਦੌਰਾਨ ਜਸਟਿਸ ਖੰਨਾ ਦੀ ਨਾ ਸਿਰਫ਼ ਉਨ੍ਹਾਂ ਦੇ ਯੋਗਦਾਨ ਲਈ, ਸਗੋਂ ਉਨ੍ਹਾਂ ਦੇ ਚਾਚਾ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਐੱਚਆਰ ਖੰਨਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਵੀ ਸ਼ਲਾਘਾ ਕੀਤੀ ਗਈ। ਚੀਫ ਜਸਟਿਸ ਖੰਨਾ 11 ਨਵੰਬਰ 2024 ਨੂੰ ਚੀਫ ਜਸਟਿਸ ਨਿਯੁਕਤ ਹੋਏ ਸਨ ਅਤੇ ਅੱਜ ਉਹ ਸੇਵਾਮੁਕਤ ਹੋ ਗਏ ਹਨ। ਹੁਣ ਜਸਟਿਸ ਗਵਈ 14 ਮਈ ਨੂੰ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਣਗੇ।
ਆਪਣੇ ਵਿਦਾਇਗੀ ਭਾਸ਼ਣ ਵਿੱਚ ਜਸਟਿਸ ਖੰਨਾ ਨੇ ਨਿਆਂਪਾਲਿਕਾ ਵਿੱਚ ਬਿਤਾਏ ਆਪਣੇ ਸਮੇਂ ਨੂੰ ਯਾਦ ਕਰਦਿਆਂ ਕਿਹਾ, ‘ਮੈਂ ਬਹੁਤ ਖੁਸ਼ ਹਾਂ। ਮੈਂ ਆਪਣੇ ਨਾਲ ਬਹੁਤ ਸਾਰੀਆਂ ਯਾਦਾਂ ਲੈ ਕੇ ਜਾ ਰਿਹਾ ਹਾਂ। ਯਾਦਾਂ ਜੋ ਬਹੁਤ ਪਿਆਰੀਆਂ ਹਨ ਅਤੇ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ।’ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਬਾਰ ਅਤੇ ਬੈਂਚ ਦੀ ਭੂਮਿਕਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ, ‘ਨਿਆਂਪਾਲਿਕਾ ਸਿਰਫ਼ ਜੱਜਾਂ ਤੋਂ ਹੀ ਨਹੀਂ ਬਣਦੀ, ਇਸ ਵਿੱਚ ਬਾਰ ਵੀ ਸ਼ਾਮਲ ਹੈ। ਤੁਸੀਂ ਸਿਸਟਮ ਦੇ ਸੁਚੇਤ ਰਖਵਾਲੇ ਹੋ।’ -ਪੀਟੀਆਈ
ਕਾਨੂੰਨ ਦੇ ਖੇਤਰ ਵਿੱਚ ਤੀਜੀ ਪਾਰੀ ਖੇਡਣ ਦਾ ਦਿੱਤਾ ਸੰਕੇਤ
ਬੈਂਚ ਦੀ ਰਸਮੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਜੇਆਈ ਨੇ ਕਿਹਾ, ‘ਮੈਂ ਸੇਵਾਮੁਕਤੀ ਤੋਂ ਬਾਅਦ ਕੋਈ ਵੀ ਅਹੁਦਾ ਸਵੀਕਾਰ ਨਹੀਂ ਕਰਾਂਗਾ। ਸ਼ਾਇਦ ਕਾਨੂੰਨ ਦੇ ਖੇਤਰ ਵਿੱਚ ਕੁਝ ਕਰਾਂਗਾ।’ ਸੁਪਰੀਮ ਕੋਰਟ ਦੇ ਕਈ ਸਾਬਕਾ ਜੱਜ ਸੇਵਾਮੁਕਤੀ ਤੋਂ ਬਾਅਦ ਆਰਬਿਟਰੇਸ਼ਨ ਦੇ ਖੇਤਰ ਵਿੱਚ ਆਪਣੀ ਪਾਰੀ ਸ਼ੁਰੂ ਕਰਦੇ ਹਨ। ਸੀਜੇਆਈ ਨੇ ਕਿਹਾ, ‘ਮੈਂ ਤੀਜੀ ਪਾਰੀ ਖੇਡਾਂਗਾ ਅਤੇ ਕਾਨੂੰਨ ਨਾਲ ਸਬੰਧਤ ਕੁਝ ਕਰਾਂਗਾ।’