Punjab News: ਢੋਆ ਢੁਆਈ ਨੂੰ ਲੈ ਕੇ ਦੋ ਧਿਰਾਂ ’ਚ ਝੜਪ; ਚਾਰ ਜ਼ਖ਼ਮੀ
ਰਾਜਿੰਦਰ ਵਰਮਾ
ਭਦੌੜ, 27 ਮਾਰਚ
ਇੱਥੇ ਸਪੈਸ਼ਲਾਂ ਦੀ ਢੋਆ ਢੁਆਈ ਨੂੰ ਲੈ ਕੇ ਅੱਜ ਪੰਜਾਬ ਵੇਅਰ ਹਾਊਸ ਦੇ ਗੁਦਾਮਾਂ ਦੇ ਬਾਹਰ ਉਸ ਸਮੇਂ ਝੜਪ ਹੋ ਗਈ ਜਦੋਂ ਮਾਲ ਭਰਨ ਆਈਆਂ ਗੱਡੀਆਂ ਦੇ ਡਰਾਈਵਰਾਂ ਉਪਰ ਹਮਲਾ ਕਰਕੇ ਗੱਡੀਆਂ ਦਾ ਭੰਨਤੋੜ ਕਰ ਦਿੱਤੀ ਜਿਸ ਕਾਰਨ ਦੋਹਾਂ ਧਿਰਾਂ ਦੇ ਚਾਰ ਵਿਅਕਤੀ ਜਖ਼ਮੀ ਹੋ ਗਏ।
ਠੇਕੇਦਾਰ ਮਨਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਧਨੋਲਾ ਨੇ ਥਾਣਾ ਭਦੌੜ ਵਿਖੇ ਦਿੱਤੀ ਦਰਖ਼ਾਸਤ ਵਿਚ ਕਿਹਾ ਹੈ ਕਿ ਉਸ ਕੋਲ ਪੰਜਾਬ ਫੇਅਰ ਹਾਊਸ ਅਤੇ ਐਫ.ਸੀ.ਆਈ ਦੇ ਸਪੈਸ਼ਲਾਂ ਦੇ ਠੇਕੇ ਹਨ ਤੇ ਉਹ ਪਹਿਲਾਂ ਵੀ ਦੋ ਸਪੈਸ਼ਲਾਂ ਲਗਾ ਚੁੱਕੇ ਹਨ। ਉਨ੍ਹਾਂ ਪੰਜਾਬ ਵੇਅਰ ਹਾਊਸ ਦੇ ਗੁਦਾਮ ਵਿਚੋਂ ਸਪੈਸ਼ਲ ਭਰਨ ਲਈ ਰਾਤ ਹੀ ਗੱਡੀਆਂ ਭੇਜ ਦਿੱਤੀਆਂ ਸਨ। ਸਵੇਰੇ ਲਗਪਗ 6.30 ਵਜੇ ਦੇ ਕਰੀਬ ਟਰੱਕ ਯੂਨੀਅਨ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ, ਦਵਿੰਦਰ ਪੰਡਤ, ਮੁਨਸ਼ੀ ਗੁਰਪ੍ਰੀਤ ਸਿੰਘ, ਨਾਇਬ ਦਾਸ ਅਤੇ ਹੋਰ 30-35 ਅਣਪਛਾਤੇ ਵਿਅਕਤੀ ਦੋ ਗੱਡੀਆਂ ਅਤੇ ਮੋਟਰ ਸਾਈਕਲਾਂ ’ਤੇ ਆਏ ਜਿਨ੍ਹਾਂ ਨੇ ਸੁੱਤੇ ਪਏ ਡਰਾਈਵਰਾਂ ਨਜੀਰ ਮੁਹੰਮਦ ਅਤੇ ਰਣਜੀਤ ਸਿੰਘ ਦੀ ਕੁੱਟਮਾਰ ਕਰਕੇ ਗੱਡੀਆਂ ਦੀ ਭੰਨ ਤੋੜ ਕੀਤੀ, ਇਸ ਦੌਰਾਨ ਉਨ੍ਹਾਂ ਦੇ ਦੋ ਡਰਾਈਵਰ ਜਖ਼ਮੀ ਹੋ ਗਏ। ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਜੋ ਕੁਝ ਵਾਪਰਿਆ ਹੈ ਉਹ ਵਿਧਾਇਕ ਲਾਭ ਸਿੰਘ ਉਗੋਕੇ ਦੀ ਸ਼ਹਿ ਉਪਰ ਹੋਇਆ ਹੈ। ਦੂਜੇ ਪਾਸੇ ਹਸਪਤਾਲ ਵਿਚ ਦਾਖਲ ਟਰੱਕ ਯੂਨੀਅਨ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ ਦੇ ਧੜੇ ਦੇ ਅਪਰੇਟਰ ਜਸਪ੍ਰੀਤ ਸਿੰਘ ਅਤੇ ਜਸਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਅੱਜ ਸਪੈਸ਼ਲ ਲੱਗੀ ਤਾਂ ਉਹ ਠੇਕੇਦਾਰ ਨਾਲ ਗੱਲ ਕਰਨ ਲਈ ਗਏ ਸੀ ਕਿ ਉਨ੍ਹਾਂ ਦੀਆਂ ਗੱਡੀਆਂ ਵੀ ਸਪੈਸ਼ਲ ਵਿਚ ਸਾਮਲ ਕੀਤੀਆਂ ਜਾਣ ਪਰ ਉਨ੍ਹਾਂ ਨੇ ਗੱਲ ਸੁਣਨ ਦੀ ਬਜਾਏ ਉਨ੍ਹਾਂ ਉਪਰ ਹੀ ਹਮਲਾ ਕਰ ਦਿੱਤਾ। ਇਸ ਬਾਰੇ ਜਦੋਂ ਪ੍ਰਧਾਨ ਜਗਦੀਪ ਸਿੰਘ ਜੱਗੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਉਪਰ ਜੋ ਦੋਸ਼ ਲਗਾਏ ਗਏ ਹਨ ਉਹ ਬੇਬੁਨਿਆਦ ਹਨ। ਇਸ ਸਬੰਧੀ ਜਦੋਂ ਥਾਣਾ ਮੁਖੀ ਗਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਵੇਗੀ ਅਤੇ ਗੁੰਡਾਗਰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।