Punjab News: ਸਾਬਕਾ ਸੰਸਦ ਮੈਂਬਰ ਮਾਸਟਰ ਭਗਤ ਰਾਮ ਦਾ ਦੇਹਾਂਤ
ਸਰਬਜੀਤ ਗਿੱਲ
ਫਿਲੌਰ, 31 ਮਾਰਚ
Punjab News: ਲੋਕ ਸਭਾ ਹਲਕਾ ਫਿਲੌਰ ਤੋਂ ਸੀਪੀਆਈ (ਐੱਮ) ਦੇ ਸਾਬਕਾ ਸੰਸਦ ਮੈਂਬਰ ਮਾਸਟਰ ਭਗਤ ਰਾਮ ਦਾ ਅੱਜ ਸਵੇਰੇ ਭਾਰਤੀ ਸਮੇਂ ਮੁਤਾਬਕ ਕਰੀਬ ਸਵਾ ਛੇ ਵਜੇ ਦੇਹਾਂਤ ਹੋ ਗਿਆ। ਉਹ ਆਖਰੀ ਵਾਰ ਪਿਛਲੇ ਸਾਲ ਮਈ ਮਹੀਨੇ ਭਾਰਤ ਆਏ ਸਨ। ਉਨ੍ਹਾ ਦੇ ਸਪੁੱਤਰ ਸੁਰਜੀਤ ਕੁਮਾਰ ਹੈਪੀ ਨੇ ਦੱਸਿਆ ਕਿ ਮਾਸਟਰ ਜੀ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ।
ਮਾਸਟਰ ਭਗਤ ਰਾਮ 1977 ਦੀਆਂ ਆਮ ਚੋਣਾਂ ਦੌਰਾਨ ਹਲਕਾ ਫਿਲੌਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਸੰਸਦ ਮੈਂਬਰ ਚੁਣੇ ਜਾਣ ਬਾਅਦ ਵੀ ਉਹ ਲੰਬਾ ਸਮਾਂ ਸਾਈਕਲ ‘ਤੇ ਹੀ ਆਉਣ ਜਾਣ ਕਰਦੇ ਰਹੇ। ਜਲੰਧਰ ਦਾ ਪਾਸਪੋਰਟ ਦਫ਼ਤਰ ਬਣਵਾਉਣ ‘ਚ ਉਨ੍ਹਾ ਦਾ ਵੱਡਾ ਯੋਗਦਾਨ ਰਿਹਾ।
ਉਸ ਵੇਲੇ ਸੰਸਦ ਮੈਂਬਰ ਦੇ ਦਸਖ਼ਤਾਂ ਨਾਲ ਪਾਸਪੋਰਟ ਛੇਤੀ ਬਣ ਜਾਂਦਾ ਸੀ। ਉਹ ਲਗਾਤਾਰ ਘੰਟਿਆਂ ਬੱਧੀ ਦਸਖ਼ਤ ਕਰ ਕੇ ਪਾਸਪੋਰਟ ਬਣਾਉਣ ‘ਚ ਆਮ ਲੋਕਾਂ ਦੀ ਮਦਦ ਕਰਦੇ ਰਹੇ। ਉਹ ਮਜ਼ਦੂਰਾਂ ਨੂੰ ਜਥੇਬੰਦ ਕਰਨ ‘ਚ ਵੱਡਾ ਰੋਲ ਨਿਭਾਉਂਦੇ ਰਹੇ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸਟੈਂਡਿੰਗ ਕਮੇਟੀ ਮੈਂਬਰ ਹਰਕੰਵਲ ਸਿੰਘ, ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ, ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ, ਸੂਬਾ ਖ਼ਜ਼ਾਨਚੀ ਪ੍ਰੋ. ਜੈਪਾਲ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।