Punjab News: ਗੁਰਦੁਆਰਾ ਅਖੰਡ ਪ੍ਰਕਾਸ਼: ਪ੍ਰਸ਼ਾਸਨ ਨੇ ਪ੍ਰਬੰਧ ਆਪਣੇ ਹੱਥਾਂ ਵਿਚ ਲਿਆ
ਹਰਦੀਪ ਸਿੰਘ
ਧਰਮਕੋਟ, 31 ਮਾਰਚ
ਦਮਦਮੀ ਟਕਸਾਲ ਸੰਪਰਦਾਇ ਭਿੰਡਰਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਅਤੇ ਗੱਦੀਨਸ਼ੀਨ ਨੂੰ ਲੈ ਕੇ ਦੋ ਧੜਿਆਂ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਸੁਲਝਦਾ ਨਾ ਦੇਖ ਪ੍ਰਸ਼ਾਸਨ ਨੇ ਲੰਘੀ ਦੇਰ ਸ਼ਾਮ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਕੇ ਧਾਰਾ 164 ਲਗਾ ਦਿੱਤੀ ਹੈ। ਕੱਲ੍ਹ ਦਿਨ ਭਰ ਸਹਾਇਕ ਡਿਪਟੀ ਕਮਿਸ਼ਨਰ ਮੋਗਾ ਚਾਰੂਮਿਤਾ ਦੀ ਅਗਵਾਈ ਹੇਠ ਉਪ ਮੰਡਲ ਸਿਵਲ ਅਧਿਕਾਰੀ ਹਿਮਾਂਸ਼ੂ ਗੁਪਤਾ ਅਤੇ ਡੀਐਸਪੀ ਰਮਨਦੀਪ ਸਿੰਘ ਸਮੇਤ ਸਿਵਲ ਅਤੇ ਪੁਲੀਸ ਦੇ ਅਧਿਕਾਰੀ ਗੁਰਦੁਆਰੇ ਦੇ ਵਿਵਾਦ ਨੂੰ ਸੁਲਝਾਉਣ ਲਈ ਪਿੰਡ ਵਾਸੀਆਂ ਅਤੇ ਦੋਹਾਂ ਧੜਿਆਂ ਨਾਲ ਬੈਠਕਾਂ ਕਰਦੇ ਰਹੇ ਪਰ ਕੋਈ ਹੱਲ ਨਾ ਨਿਕਲਿਆ। ਅਧਿਕਾਰੀਆਂ ਨੇ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਦੇ ਧਿਆਨ ਵਿੱਚ ਲਿਆਂਦਾ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਵਿਵਾਦ ਵਾਲੀ ਜਗ੍ਹਾ ਉਪਰ ਧਾਰਾ 145 ਹੁਣ ਧਾਰਾ (164) ਲਗਾ ਕੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਏ ਹਨ। ਪ੍ਰਸ਼ਾਸਨ ਨੇ ਧਰਮਕੋਟ ਦੇ ਨਾਇਬ ਤਹਿਸੀਲਦਾਰ ਅਜੇ ਕੁਮਾਰ ਨੂੰ ਸਾਰੇ ਪ੍ਰਬੰਧਾਂ ਲਈ ਰਿਸੀਵਰ ਨਿਯੁਕਤ ਕੀਤਾ ਗਿਆ ਹੈ। ਪੁਲੀਸ ਵੱਲੋਂ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਚੌਕਸੀ ਵਜੋਂ ਪੁਲੀਸ ਦੀ ਟੁਕੜੀ ਤਾਇਨਾਤ ਕੀਤੀ ਹੋਈ ਹੈ। ਜ਼ਿਕਰਯੋਗ ਹੈ ਕਿ ਸੰਪਰਦਾਇ ਭਿੰਡਰਾਂ ਵਾਲਾ ਸਥਾਨ ਟਕਸਾਲ ਦਾ ਪਹਿਲਾ ਹੈਡਕੁਆਰਟਰ ਸੀ। ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੋਹਣ ਸਿੰਘ ਵਿਚਾਲੇ ਮੱਤਭੇਦ ਉਭਰਨ ਤੋਂ ਬਾਅਦ ਇਕ ਧੜੇ ਨੇ ਚੌਕ ਮਹਿਤਾ ਵਿਖੇ ਆਪਣਾ ਹੈਡਕੁਆਰਟਰ ਸਥਾਪਤ ਕਰ ਲਿਆ ਸੀ। ਉਂਝ ਟਕਸਾਲ ਮਹਿਤੇ ਵਾਲੇ ਵੀ ਆਪਣੇ ਮੁਖੀ ਦੇ ਨਾਮ ਨਾਲ ਭਿੰਡਰਾਂ ਵਾਲੇ ਸ਼ਬਦ ਦੀ ਵਰਤੋਂ ਕਰਦੇ ਹਨ। ਟਕਸਾਲ ਦੀ ਇਸ ਪੁਰਾਣੀ ਸੰਪਰਦਾਇ ਦਾ ਚਾਰ ਸਾਲ ਪਹਿਲਾਂ ਗਿਆਨੀ ਮੋਹਣ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਵਿਵਾਦ ਸ਼ੁਰੂ ਹੋਇਆ ਸੀ ਜੋ ਕਿ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਅਨੇਕਾਂ ਵਾਰ ਇੱਥੇ ਦੋਹਾਂ ਧੜਿਆਂ ਵਿਚਾਲੇ ਆਪਸੀ ਝੜਪਾਂ ਵੀ ਹੋ ਚੁੱਕੀਆਂ ਹਨ। ਉਪ ਮੰਡਲ ਸਿਵਲ ਅਧਿਕਾਰੀ ਹਿਮਾਂਸ਼ੂ ਗੁਪਤਾ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜਿੰਨਾ ਚਿਰ ਦੋਹਾਂ ਧੜਿਆਂ ਵਿਚਾਲੇ ਕੋਈ ਆਪਸੀ ਸਹਿਮਤੀ ਨਹੀਂ ਬਣਦੀ ਉਸ ਸਮੇਂ ਤੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸਰਕਾਰੀ ਹੱਥਾਂ ਵਿਚ ਰਹਿਣਗੇ।