ਮੁੱਖ ਮੰਤਰੀ ਨੇ ਪੰਜਾਬ ਪੁਲੀਸ ਨੂੰ 139 ਵਾਹਨ ਦਿੱਤੇ
ਸਰਬਜੀਤ ਗਿੱਲ
ਫਿਲੌਰ, 3 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ’ਚ ਇਕ ਸਮਾਰੋਹ ਦੌਰਾਨ ਪੰਜਾਬ ਪੁਲੀਸ ਨੂੰ ਹੋਰ ਬਿਹਤਰ ਕਰਨ ਲਈ 139 ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੁਲੀਸ ਦੇਸ਼ ਦੀ ਬਿਹਤਰ ਪੁਲੀਸ ’ਚੋਂ ਇੱਕ ਹੈ, ਜਿਸ ਨੂੰ ਕਰੀਬ 1994-95 ਤੋਂ ਬਾਅਦ ਇੰਨੀ ਵੱਡੀ ਗਿਣਤੀ ’ਚ ਨਵੇਂ ਵਾਹਨ ਮਿਲੇ ਹਨ। ਮੌਜੂਦਾ ਸਰਕਾਰ ਨੇ ਪਹਿਲੀ ਵਾਰ ਪਿਛਲੇ ਸਾਲ ਵੀ ਵਾਹਨ ਦਿੱਤੇ ਸਨ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਅੱਜ ਦਿੱਤੇ ਗਏ ਵਾਹਨਾਂ ਨਾਲ ਕਰੀਬ ਹਰ ਥਾਣੇ ਅਤੇ ਹੋਰ ਅਧਿਕਾਰੀਆਂ ਕੋਲ ਨਵੇਂ ਵਾਹਨ ਆ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਦੀ ਅੱਜ ਵੀ ਓਨੀ ਨਫਰੀ ਹੈ ਜਿੰਨੀ ਸਾਲ 2000 ਵਿਚ ਸੀ ਪਰ ਹੁਣ ਇਸ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੁਲੀਸ ਨੂੰ 24 ਘੰਟੇ ਕੰਮ ਡਿਊਟੀ ਕਰਨੀ ਪੈਂਦੀ ਹੈ ਜਿਸ ਦੌਰਾਨ ਛੁੱਟੀ ਵੀ ਜ਼ਰੂਰੀ ਹੈ। ‘ਛੁੱਟੀ’ ਮਿਲਣ ਦਾ ਐਲਾਨ ਸੁਣਦੇ ਸਾਰ ਹਾਜ਼ਰ ਪੁਲੀਸ ਕਰਮਚਾਰੀਆਂ ਨੇ ਉਤਸ਼ਾਹ ’ਚ ਤਾੜੀਆਂ ਵਜਾਈਆਂ ਪਰ ਮੁੱਖ ਮੰਤਰੀ ਨੇ ਇਸ ਬਾਰੇ ਕੋਈ ਵਿਸਥਾਰਤ ਐਲਾਨ ਨਾ ਕੀਤਾ।
ਆਪਣੇ ਸੰਬੋਧਨ ਮਗਰੋਂ ਮੁਖ ਮੰਤਰੀ ਨੇ ਇਸ਼ਾਰਾ ਕਰਵਾ ਕੇ ਅਕੈਡਮੀ ਦੇ ਡਾਇਰੈਕਟਰ ਅਨੀਤਾ ਪੁੰਜ ਰਾਹੀਂ ਤਿੰਨ ਦਿਨ ਦੀ ਛੁੱਟੀ ਦਾ ਐਲਾਨ ਕਰਵਾਇਆ, ਜਿਸ ’ਤੇ ਮਾਨ ਨੇ ਮੁੜ ਤਾੜੀਆਂ ਖੱਟੀਆਂ। ਇਸ ਮੌਕੇ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।