Gurdwara Hemkund Sahib: ਸ੍ਰੀ ਹੇਮਕੁੰਟ ਸਾਹਿਬ: ਟੁੱਟਿਆ ਪੁਲ 10 ਅਪਰੈਲ ਤੱਕ ਮੁਕੰਮਲ ਹੋਣ ਦੀ ਉਮੀਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਮਾਰਚ
ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਯਾਤਰਾ ਮਾਰਗ ਵਿੱਚ ਪਹਾੜ ਖਿਸਕਣ ਕਾਰਨ ਗੁਰਦੁਆਰਾ ਗੋਬਿੰਦ ਘਾਟ ਵਿਚ ਟੁੱਟ ਗਏ ਪੁਲ ਦੇ ਨਿਰਮਾਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਅਤੇ ਉਮੀਦ ਹੈ ਕਿ 10 ਅਪਰੈਲ ਤੋਂ ਪਹਿਲਾਂ ਇਹ ਪੁਲ ਤਿਆਰ ਹੋ ਜਾਵੇਗਾ। ਜਦੋਂ ਕਿ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜੰਮੀ ਬਰਫ ਨੂੰ ਹਟਾਉਣ ਅਤੇ ਰਸਤੇ ਤਿਆਰ ਕਰਨ ਅਤੇ ਹੋਰ ਪ੍ਰਬੰਧ ਕਰਨ ਵਾਸਤੇ ਕਾਰਜ ਵਿਸਾਖੀ ਤੋਂ ਬਾਅਦ ਆਰੰਭ ਹੋ ਜਾਣਗੇ।
ਗੁਰਦੁਆਰਾ ਗੋਬਿੰਦ ਘਾਟ ਨੇੜੇ ਲਕਸ਼ਮਣ ਗੰਗਾ ਨਦੀ ’ਤੇ ਬਣਿਆ ਹੋਇਆ ਪੁਲ ਪੰਜ ਮਾਰਚ ਨੂੰ ਪਹਾੜ ਤੋਂ ਵੱਡੀਆਂ ਢਿੱਗਾਂ ਡਿੱਗਣ ਕਾਰਨ ਟੁੱਟ ਗਿਆ ਸੀ ਅਤੇ ਇਨ੍ਹਾਂ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ। ਉਸ ਵੇਲੇ ਲੱਗ ਰਿਹਾ ਸੀ ਕਿ ਇਸ ਪੁਲ ਦੇ ਨਿਰਮਾਣ ਦੇ ਕਾਰਜ ਵਿੱਚ ਸਮਾਂ ਲੱਗਣ ਕਾਰਨ ਇਹ ਇਸ ਸਾਲ ਦੀ ਸਾਲਾਨਾ ਯਾਤਰਾ ਨੂੰ ਪ੍ਰਭਾਵਿਤ ਕਰੇਗਾ ਪਰ ਹੁਣ ਇਸ ਪੁਲ ਦਾ ਨਿਰਮਾਣ ਕਾਰਜ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਪੁਲ ਦੇ ਨਿਰਮਾਣ ਦਾ ਕਾਰਜ ਪੀਡਬਲਿਊਡੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਠੇਕੇਦਾਰ ਮੋਹਨ ਸਿੰਘ ਬਿਸ਼ਟ ਨੇ ਦੱਸਿਆ ਕਿ ਸਮੇਂ ਤੋਂ ਪਹਿਲਾਂ ਹੀ ਕੰਮ ਮੁਕੰਮਲ ਕਰ ਲਿਆ ਜਾਵੇਗਾ। ਜਦੋਂ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਹ ਕੰਮ 15 ਅਪ੍ਰੈਲ ਤੱਕ ਮੁਕੰਮਲ ਹੋਣ ਦਾ ਭਰੋਸਾ ਦਿੱਤਾ ਗਿਆ ਸੀ।