Punjab News: ਪਿਓ-ਪੁੱਤ ਖੁਦਕੁਸ਼ੀ ਮਾਮਲੇ ’ਚ ਆੜ੍ਹਤੀਏ ਸਣੇ 11 ਖਿਲਾਫ਼ ਕੇਸ ਦਰਜ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਮਾਰਚ
ਪਿੰਡ ਵੜਿੰਗ ਨੇੜਿਓਂ ਲੰਘਦੀ ਰਾਜਸਥਾਨ ਨਹਿਰ ’ਚ ਪਿਛਲੇ ਦਿਨੀਂ ਪਿਓ-ਪੁੱਤ ਵੱਲੋਂ ਛਾਲ ਮਾਰਨ ਦੇ ਮਾਮਲੇ ’ਚ ਥਾਣਾ ਬਰੀਵਾਲਾ ਪੁਲੀਸ ਨੇ ਇਕ ਆੜ੍ਹਤੀਏ ਸਮੇਤ 11 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਬਰੀਵਾਲਾ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਕਰਨਵੀਰ ਕੌਰ ਪਤਨੀ ਗੁਰਲਾਲ ਸਿੰਘ ਵਾਸੀ ਪਿੰਡ ਮੜ੍ਹਾਕ ਨੇ ਦੱਸਿਆ ਕਿ ਉਸ ਦਾ ਪਤੀ ਗੁਰਲਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਮੜ੍ਹਾਕ ਅਤੇ ਉਸ ਦਾ ਲੜਕਾ ਬਲਜੋਧ ਸਿੰਘ ਆਪਣੇ ਮੋਟਰਸਾਈਕਲ ’ਤੇ ਦੁੱਧ ਲੈਣ ਗਏ ਸੀ ਜੋ ਘਰ ਵਾਪਸ ਨਹੀ ਆਏ। ਉਸ ਦੇ ਪਤੀ ਗੁਰਲਾਲ ਸਿੰਘ ਨੇ ਕਈ ਜਣਿਆਂ ਤੋਂ ਪੈਸੇ ਲਏ ਸਨ ਜਿਨ੍ਹਾਂ ਨੂੰ ਉਸ ਦੇ ਸਹੁਰਾ ਜਗਰੂਪ ਸਿੰਘ ਨੇ ਘਰੇਲੂ ਜ਼ਮੀਨ ਵੇਚ ਕੇ ਪੈਸੇ ਵਾਪਸ ਕਰ ਦਿੱਤੇ ਸਨ। ਉਸ ਦੇ ਸਹੁਰਾ ਜਗਰੂਪ ਸਿੰਘ ਦੀ ਮੌਤ ਕਰੀਬ 4 ਸਾਲ ਪਹਿਲਾਂ ਹੋ ਗਈ ਸੀ ਜਿਸ ਦਿਨ ਤੋਂ ਜਗਰੂਪ ਸਿੰਘ ਦੀ ਮੌਤ ਹੋਈ ਹੈ। ਉਸ ਦਿਨ ਤੋਂ ਹੀ ਪਿੰਡ ਵਾਸੀ ਸਾਰੇ ਜਣੇ ਪੈਸੇ ਲੈਣ ਲਈ ਉਸ ਦੇ ਘਰਵਾਲੇ ਗੁਰਲਾਲ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਘਰ ਆ ਕੇ ਗਾਲੀ ਗਲੋਚ ਵੀ ਕਰਦੇ ਸਨ। ਇਸ ਤੋਂ ਤੰਗ ਆ ਕੇ ਗੁਰਲਾਲ ਸਿੰਘ ਅਤੇ ਉਸ ਦੇ ਲੜਕਾ ਬਲਜੋਧ ਸਿੰਘ ਰਾਜਸਥਾਨ ਨਹਿਰ ਵਿਚ ਛਾਲ ਮਾਰ ਦਿੱਤੀ।
ਇਸ ’ਤੇ ਕਾਰਵਾਈ ਕਰਦਿਆਂ ਥਾਣਾ ਬਰੀਵਾਲਾ ਪੁਲੀਸ ਨੇ ਤਰਸੇਮ ਸਿੰਘ ਪੁੱਤਰ ਗੁਰਾਦਿੱਤਾ ਸਿੰਘ ਨੰਬਰਦਾਰ, ਸੂਬਾ ਸਿੰਘ ਪੁੱਤਰ ਕਤਰ ਸਿੰਘ, ਮਨਪ੍ਰੀਤ ਸਿੰਘ ਉਰਫ ਮੀਤਾ ਪੁੱਤਰ ਦਰਸ਼ਨ ਸਿੰਘ, ਬਾਦਲ ਸਿੰਘ ਪੁੱਤਰ ਹਰਭਜਨ ਸਿੰਘ, ਕਿਰਨਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ, ਭਾਗ ਸਿੰਘ ਪੁੱਤਰ ਗੁਰਦਿਆਲ ਸਿੰਘ, ਮੁਕੰਦ ਸਿੰਘ ਪੁੱਤਰ ਗੁਰਬਚਨ ਸਿੰਘ, ਜੰਗ ਸਿੰਘ ਪੁੱਤਰ ਗੁਰਬਚਨ ਸਿੰਘ, ਜਗਸੀਰ ਸਿੰਘ ਪੁੱਤਰ ਅੰਗਰੇਜ਼ ਸਿੰਘ, ਸਿਕੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀਆਨ ਪਿੰਡ ਮੜ੍ਹਾਕ ਅਤੇ ਗੋਪੀ ਸੁਰੇਸ਼ ਐਂਡ ਸੰਨਜ਼ (ਆੜ੍ਹਤ) ਜੈਤੋ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।