ਝੂਠੇ ਪੁਲੀਸ ਮੁਕਾਬਲੇ ਬੰਦ ਹੋਣ: ਗੁਰਜੰਟ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 19 ਮਾਰਚ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਗੁਰਜੰਟ ਸਿੰਘ ਕੱਟੂ ਨੇ ਸੂਬਾ ਸਰਕਾਰ ’ਤੇ ਪੁਲੀਸ ਨੂੰ ਝੂਠੇ ਮੁਕਾਬਲੇ ਕਰਵਾਉਣ ਦੀ ਕਥਿਤ ਖੁੱਲ੍ਹ ਦੇਣ ਦੇ ਦੋਸ਼ ਲਾਏ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਇਹ ਵਰਤਾਰਾ ਤਰੁੰਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਅਜਿਹੇ ਗੈਰ ਕਨੂੰਨੀ ਢੰਗ ਤਰੀਕਿਆਂ ਰਾਹੀਂ ਪੰਜਾਬ ਪੁਲੀਸ ਅਤੇ ਸੁਰੱਖਿਆ ਬਲਾਂ ਵੱਲੋਂ ਖ਼ਤਮ ਕੀਤਾ ਜਾ ਚੁੱਕਾ ਹੈ, ਜਿਸ ਕਾਰਨ ਪੰਜਾਬ ਨੂੰ ਭਾਰੀ ਸੰਤਾਪ ਭੁਗਤਣਾ ਪਿਆ ਅਤੇ ਸਿੱਖ ਕੌਮ ਅੱਜ ਤੱਕ ਮਾਲੀ ਤੌਰ ’ਤੇ ਮਜ਼ਬੂਤ ਨਹੀਂ ਹੋ ਸਕੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਸਰਕਾਰ ਨਸ਼ੇ ਖ਼ਤਮ ਕਰਨ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਸੱਚਮੁੱਚ ਸੁਹਿਰਦ ਹੈ ਤਾਂ ਇਸ ਪਿੱਛੇ ਛੁਪੇ ਕਾਰਨਾਂ ਨੂੰ ਸਮਝਣ ਦਾ ਯਤਨ ਕਰੇ। ਪੰਜਾਬ ਦੇ ਸਿਆਸਤਦਾਨਾਂ ਨੇ ਪੰਜਾਬ ਦੀ ਜਵਾਨੀ ਨੂੰ ਇਸ ਰਸਤੇ ’ਤੇ ਤੋਰਿਆ ਹੈ ਅਤੇ ਸਰਕਾਰ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੀਤੇ ਗਏ ਚੋਣ ਵਾਅਦੇ ਅਨੁਸਾਰ ਸੂਬੇ ਵਿੱਚੋਂ ਸਾਡੇ ਨਸ਼ੇ ਦਾ ਖ਼ਤਮਾ ਕਰਨ ਤੋਂ ਭੱਜ ਰਹੀ ਹੈ।