Punjab News: ਪੁਲੀਸ ਨਾਲ ਮੁੱਠਭੇੜ ਦੌਰਾਨ ਦੋ ਨਸ਼ਾ ਤਸਕਰ ਕਾਬੂ
ਸ਼ਗਨ ਕਟਾਰੀਆ
ਜੈਤੋ, 20 ਮਾਰਚ
Punjab News: ਜੈਤੋ-ਬਠਿੰਡਾ ਮਾਰਗ ’ਤੇ ਪਿੰਡ ਚੰਦਭਾਨ ਨੇੜੇ ਸੇਮ ਨਾਲੇ ਦੇ ਪੁਲ ’ਤੇ ਪੁਲੀਸ ਦੀ ਨਾਕਾ ਪਾਰਟੀ ਅਤੇ ਦੋ ਸਕਾਰਪਿਓ ਸਵਾਰਾਂ ਦਰਮਿਆਨ ਹੋਏ ਕਥਿਤ ਮੁਕਾਬਲੇ ਦੌਰਾਨ ਗੋਲ਼ੀ ਲੱਗਣ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦਿਆਂ ਪੁਲੀਸ ਕਪਤਾਨ ਫ਼ਰੀਦਕੋਟ ਡਾ. ਪ੍ਰੱਗਿਆ ਜੈਨ ਨੇ ਦੱਸਿਆ ਕਿ ਸੂਚਨਾ ਦੇ ਅਧਾਰ ’ਤੇ ਪੁਲੀਸ ਪਾਰਟੀ ਵੱਲੋਂ ਚੰਦਭਾਨ ਨੇੜਲੇ ਸੇਮ ਨਾਲੇ ’ਤੇ ਬੈਰੀਕੇਡਿੰਗ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਜਵਾਨਾਂ ਵੱਲੋਂ ਹਰਿਆਣਾ ਨੰਬਰੀ ਕਾਲੇ ਰੰਗ ਦੀ ਸਕਾਰਪਿਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀ ’ਚ ਸਵਾਰਾਂ ਵੱਲੋਂ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ ਗਈ। ਜਿਸ ਉਪਰੰਤ ਪੁਲੀਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਗੱਡੀ ਰੋਕੀ ਗਈ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਭੱਜਣ ਦੌਰਾਨ ਉਨ੍ਹਾਂ ’ਚੋਂ ਇੱਕ ਵਿਅਕਤੀ ਦੇ ਪੈਰ ਗੋਲੀ ’ਤੇ ਲੱਗੀ ਅਤੇ ਪੁਲੀਸ ਨੇ ਦੋਹਾਂ ਨੂੰ ਕਾਬੂ ਕਰ ਲਿਆ। ਐੱਸਐੱਸਪੀ ਡਾ. ਜੈਨ ਨੇ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀ ਅੰਬੇਦਕਰ ਨਗਰ ਜੈਤੋ ਦੇ ਰਹਿਣ ਸੁਖਵਿੰਦਰ ਸਿੰਘ ਉਰਫ਼ ਗਗਨੀ, ਲਖਵਿੰਦਰ ਸਿੰਘ ਉਰਫ਼ ਲੱਖੂ ਦੋਵੇਂ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੁਖਵਿੰਦਰ ਸਿੰਘ ਉਰਫ਼ ਗਗਨੀ ’ਤੇ ਪਹਿਲਾਂ ਵੀ ਆਰਮਜ਼ ਐਕਟ ਅਤੇ ਐੱਨਡੀਪੀਐੱਸ ਐਕਟ ਤਹਿਤ ਚਾਰ ਪੁਲੀਸ ਕੇਸ ਦਰਜ ਹਨ। ਕਾਰਵਾਈ ਦੌਰਾਨ ਮੁਲਜ਼ਮਾਂ ਪਾਸੋਂ ਇਕ .32 ਬੋਰ ਦਾ ਪਿਸਤੌਲ ਅਤੇ ਦੋ ਰੌਂਦ ਬਰਾਮਦ ਹੋਏ ਹਨ।