ਜ਼ਹਿਰੀਲੇ ਪਾਣੀ ਦੇ ਮੁੱਦੇ ’ਤੇ ਬੈਂਸ ਵੱਲੋਂ ਸੁੱਖੂ ਨੂੰ ਪੱਤਰ
ਬਲਵਿੰਦਰ ਰੈਤ
ਨੰਗਲ, 21 ਮਾਰਚ
ਨੰਗਲ ਨਾਲ ਲੱਗਦੇ ਪਿੰਡ ਦਬੇਟਾ, ਤਲਵਾੜਾ ਅਤੇ ਬਰਮਲਾ ਦੇ ਲੋਕਾਂ ਦੀ ਹਿਮਾਚਲ ਪ੍ਰਦੇਸ਼ ਦੇ ਗੋਲਥਾਈ ਦੀਆਂ ਫੈਕਟਰੀਆਂ ਵਿੱਚੋਂ ਆਉਂਦੇ ਜ਼ਹਿਰੀਲੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਕੈਮੀਕਲ ਵਾਲੇ ਪਾਣੀ ਕਾਰਨ ਹੁਣ ਤੱਕ ਚਾਰ ਜੰਗਲੀ ਸੂਰਾਂ ਦੀ ਮੌਤ ਹੋ ਚੁੱਕੀ ਹੈ। ਪਿੰਡਾਂ ਦੇ ਪਸ਼ੂ ਵੀ ਇਸ ਜ਼ਹਿਰੀਲੇ ਪਾਣੀ ਦੀ ਮਾਰ ਹੇਠ ਹਨ। ਪਸ਼ੂਆਂ ਦੇ ਪੈਰਾਂ ਦੇ ਖੁਰ ਗਲ ਚੁੱਕੇ ਹਨ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੱੁਖੂ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਚੇਅਰਪਰਸਨ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਨੂੰ ਪੱਤਰ ਲਿਖ ਕੇ ਜਲਦੀ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੂਸ਼ਤ ਪਾਣੀ ਨਾਲ ਪਿੰਡ ਬਰਮਲਾ ਦੀ ਖੱਡ ਵਿੱਚ ਕਈ ਜੰਗਲੀ ਸੂਰ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪਾਣੀ ਨਾ ਸਿਰਫ ਸਤਲੁਜ ਦਰਿਆ ਨੂੰ ਦੂੁਸ਼ਿਤ ਕਰ ਰਿਹਾ ਹੈ ਬਲਕਿ ਸਥਾਨਕ ਆਬਾਦੀ ਦੀ ਸਿਹਤ ਲਈ ਵੀ ਗੰਭੀਰ ਸਮੱਸਿਆ ਬਣ ਰਿਹਾ ਹੈ।
ਗੋਲਥਾਈ ਦੀਆਂ ਫੈਕਟਰੀਆਂ ਖ਼ਿਲਾਫ਼ ਕਾਰਵਾਈ ਲਈ ਪੱਤਰ ਜਾਰੀ: ਡੀਐੱਫਓ
ਰੂਪਨਗਰ ਦੇ ਡੀਐੱਫਓ ਕੁਲਜੀਤ ਸਿੰਘ ਨੇ ਕਿਹਾ ਹੈ ਕਿ ਨੰਗਲ ਦੇ ਖੇਤਰਾਂ ਵਿੱਚ ਸੂਰ ਮਰਨ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਕੋਈ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਹੋਈ ਹੈ। ਪੋਸਟਮਾਰਟਮ ਰਿਪੋਰਟ ਤੋਂ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਗੋਲਥਾਈ ਦੀਆਂ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਦੀ ਰੋਕਥਾਮ ਲਈ ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਭਾਗ ਨੂੰ ਪੱਤਰ ਲਿਖੇ ਹਨ ਜਲਦੀ ਸਬੰਧਤ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।