ਐੱਨਸੀਬੀ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ PIT-NDPS ਐਕਟ ਤਹਿਤ ਹਿਰਾਸਤ ’ਚ ਲਿਆ, ਅਸਾਮ ਦੀ ਸਿਲਚਰ ਜੇਲ੍ਹ ’ਚ ਤਬਦੀਲ
ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 23 ਮਾਰਚ
ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮ ਕਮ ਗੈਂਗਸਟਰ ਕਮ ਨਸ਼ਾ ਸਰਗਨੇ ਜੱਗੂ ਭਗਵਾਨਪੁਰੀਆ ਨੂੰ PIT-NDPS ਐਕਟ 1988 ਤਹਿਤ ਇਕ ਸਾਲ ਲਈ ਹਿਰਾਸਤ ਵਿਚ ਲੈਂਦਿਆਂ ਬਠਿੰਡਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਤੋਂ ਅਸਾਮ ਦੀ ਸਿਲਚਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਹੈ।
ਪੰਜਾਬ ਪੁਲੀਸ ਤੇ ਐੱਨਸੀਬੀ ਅਧਿਕਾਰੀਆਂ ਦੀ ਇਕ ਟੀਮ ਸ਼ਨਿੱਚਰਵਾਰ ਸ਼ਾਮ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਗੈਂਗਸਟਰ ਨੂੰ ਬਠਿੰਡਾ ਦੀ ਜੇਲ੍ਹ ਤੋਂ ਚੰਡੀਗੜ੍ਹ ਹਵਾਈ ਅੱਡੇ ’ਤੇ ਲੈ ਕੇ ਆਈ ਤੇ ਅਸਾਮ ਦੀ ਸਿਲਚਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ। ਜੱਗੂ ਭਗਵਾਨਪੁਰੀਆ, ਜਿਸ ਦਾ ਅਸਲ ਨਾਮ ਜਗਦੀਪ ਸਿੰਘ ਹੈ, ਪੰਜਾਬ ਦਾ ਪਹਿਲਾ ਗੈਂਗਸਟਰ ਹੈ ਜਿਸ ਨੂੰ PIT-NDPS ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ।
ਗੁਰਦਾਸਪੁਰ ਦੇ ਕੋਟ ਸੂਰਤ ਪੁਲੀਸ ਥਾਣੇ ਅਧੀਨ ਆਉਂਦੇ ਪਿੰਡ ਭਗਵਾਨਪੁਰ ਦੇ ਵਸਨੀਕ ਜੱਗੂ ਭਗਵਾਨਪੁਰੀਆ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੁੱਲ 12 ਕੇਸਾਂ ਸਣੇ ਫਿਰੌਤੀ, ਨਸ਼ਾ ਤਸਕਰੀ ਦੇ ਕੁੱਲ 128 ਕੇਸ ਦਰਜ ਹਨ। ਸੂਤਰਾਂ ਮੁਤਾਬਕ ਤਫ਼ਸੀਲੀ ਜਾਂਚ ਤੋਂ ਬਾਅਦ ਹੀ ਗੈਂਗਸਟਰ ਖਿਲਾਫ਼ ਪੀਆਈਟੀ-ਐਨਡੀਪੀਐਸ ਐਕਟ ਲਾਇਆ ਗਿਆ ਹੈ।
ਖੁਫੀਆ ਰਿਪੋਰਟਾਂ ਸਿੰਘ ਦੀ ਪਾਕਿਸਤਾਨ-ਅਧਾਰਿਤ ਸਪਲਾਇਰਾਂ ਅਤੇ ਕੈਨੇਡਾ ਤੇ ਅਮਰੀਕਾ ਦੇ ਕੌਮਾਂਤਰੀ ਨੈੱਟਵਰਕਾਂ ਨਾਲ ਸ਼ਮੂਲੀਅਤ ਨੂੰ ਦਰਸਾਉਂਦੀਆਂ ਹਨ। ਭਾਰਤ ਸਰਕਾਰ ਦੇ ਸੰਯੁਕਤ ਸਕੱਤਰ (ਪੀਆਈਟੀ-ਐਨਡੀਪੀਐਸ) ਦੇ 21 ਮਾਰਚ, 2025 ਦੇ ਨਿਰਦੇਸ਼ਾਂ ਤੋਂ ਬਾਅਦ, ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਗੈਂਗਸਟਰ ਨੂੰ ਬਠਿੰਡਾ ਤੋਂ ਅਸਾਮ ਦੀ ਸਿਲਚਰ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਹੈ।
ਸੂਤਰਾਂ ਨੇ ਕਿਹਾ ਕਿ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਪੰਜਾਬ ਤੇ ਨੇੜਲੇ ਖੇਤਰਾਂ ਵਿੱਚ ਵਧ ਰਹੇ ਅਪਰਾਧਿਕ ਨੈੱਟਵਰਕਾਂ ਦੀ ਪਕੜ ਨੂੰ ਤੋੜਨਾ ਹੈ।