CASH AT JUDGE’S HOUSE: ਤਿੰਨ ਜੱਜਾਂ ਦੀ ਕਮੇਟੀ ਵੱਲੋਂ ਜਾਂਚ ਸ਼ੁਰੂ, ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ ਦਾ ਦੌਰਾ
ਸੱਤਿਆ ਪ੍ਰਕਾਸ਼
ਨਵੀਂ ਦਿੱਲੀ, 25 ਮਾਰਚ
CASH AT JUDGE’S HOUSE ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਵੱਲੋਂ ਬਣਾਈ ਤਿੰਨ ਮੈਂਬਰੀ ਅੰਦਰੂਨੀ ਕਮੇਟੀ ਨੇ ਦਿੱਲੀ ਹਾਈ ਕੋਰਟ ਦੇ ਮੌਜੂਦਾ ਜੱਜ ਜਸਟਿਸ ਯਸ਼ਵੰਤ ਵਰਮਾ ਦੀ ਰਿਹਾਇਸ਼ ਤੋਂ ਮਿਲੀ ਨਕਦੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ਼ ਜਸਟਿਸ ਜੀਐੱਸ ਸੰਧਾਵਾਲੀਆ ਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਅਨੂ ਸ਼ਿਵਰਮਨ ਦੀ ਸ਼ਮੂਲੀਅਤ ਵਾਲੀ ਕਮੇਟੀ ਨੇ ਅੱਜ ਦੁਪਹਿਰ ਵੇਲੇ ਜਸਟਿਸ ਵਰਮਾ ਦੀ 30 ਤੁਗਲਕ ਕ੍ਰੀਸੈਂਟ ਸਥਿਤ ਸਰਕਾਰੀ ਰਿਹਾਇਸ਼ ਦਾ ਦੌਰਾ ਕੀਤਾ। ਟੀਮ ਉਥੇ 30 ਤੋਂ 35 ਮਿੰਟ ਦੇ ਕਰੀਬ ਰੁਕੀ। ਉਂਝ ਇਹ ਪਤਾ ਨਹੀਂ ਲੱਗ ਸਕਿਆ ਕਿ ਜਸਟਿਸ ਵਰਮਾ ਇਸ ਮੌਕੇ ਆਪਣੀ ਰਿਹਾਇਸ਼ ’ਤੇ ਮੌਜੂਦ ਸੀ ਜਾਂ ਨਹੀਂ।
ਤਿੰਨ ਜੱਜਾਂ ਦੀ ਕਮੇਟੀ ਜੇਕਰ ਜਸਟਿਸ ਵਰਮਾ ਨੂੰ ਦੋਸ਼ੀ ਠਹਿਰਾਉਂਦੀ ਹੈ, ਤਾਂ ਸੀਜੇਆਈ ਉਸ ਨੂੰ ਅਸਤੀਫਾ ਦੇਣ ਜਾਂ ਸਵੈ-ਇੱਛਤ ਸੇਵਾਮੁਕਤੀ ਲੈਣ ਦੀ ਸਲਾਹ ਦੇ ਸਕਦੇ ਹਨ। ਹਾਲਾਂਕਿ, ਜੇ ਸਬੰਧਤ ਜੱਜ ਸੀਜੇਆਈ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦਾ ਹੈ, ਤਾਂ ਉਹ (ਸੀਜੇਆਈ) ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਕਮੇਟੀ ਦੀਆਂ ਲੱਭਤਾਂ ਤੋਂ ਜਾਣੂ ਕਰਵਾ ਕੇ, ਉਸ ਨੂੰ ਹਟਾਉਣ ਲਈ ਕਾਰਵਾਈ ਸ਼ੁਰੂ ਕਰ ਸਕਦੇ ਹਨ। ਚੇਤੇ ਰਹੇ ਕਿ ਸੀਜੇਆਈ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਸੋਮਵਾਰ ਨੂੰ ਜਸਟਿਸ ਵਰਮਾ ਨੂੰ ਅਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕਰਨ ਦੀ ਸਿਫਾਰਸ਼ ਕੀਤੀ ਸੀ।