largest Tulip Garden: ਸ੍ਰੀਨਗਰ ’ਚ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਜਨਤਾ ਲਈ ਖੁੱਲ੍ਹਿਆ
ਸ੍ਰੀਨਗਰ, 26 ਮਾਰਚ
Asia's largest tulip garden: ਡਲ ਝੀਲ ਅਤੇ ਜ਼ਬਰਵਾਨ ਪਹਾੜੀਆਂ ਦੇ ਵਿਚਕਾਰ ਸਥਿਤ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਬੁੱਧਵਾਰ ਨੂੰ ਕਸ਼ਮੀਰ ਘਾਟੀ ਵਿੱਚ ਸੈਰ-ਸਪਾਟੇ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਵਜੋਂ ਲੋਕਾਂ ਲਈ ਖੋਲ੍ਹਿਆ ਗਿਆ। ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲੋਕਾਂ ਲਈ ਖੋਲ੍ਹਣ ਦੀ ਰਸਮ ਨਿਭਾਈ।

ਇਸ ਬਾਗ਼ ਨੂੰ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਸੀਜ਼ਨ ਨੂੰ ਅੱਗੇ ਵਧਾਉਣ ਲਈ 2007 ਵਿੱਚ ਸਾਬਕਾ ਜੰਮੂ-ਕਸ਼ਮੀਰ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਵੱਲੋਂ ਕਾਇਮ ਕੀਤਾ ਗਿਆ ਸੀ। ਫਲੋਰੀਕਲਚਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਸਿਰਾਜ ਬਾਗ ਵਜੋਂ ਜਾਣੇ ਜਾਂਦੇ ਇਸ ਗਾਰਡਨ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ, ਕਿਉਂਕਿ ਇਥੇ ਵੱਖ-ਵੱਖ ਰੰਗਾਂ ਦੇ ਟਿਊਲਿਪ ਖਿੜਨੇ ਸ਼ੁਰੂ ਹੋ ਗਏ ਸਨ।
ਵਿਭਾਗ ਵੱਲੋਂ ਪੜਾਅਵਾਰ ਢੰਗ ਨਾਲ ਟਿਊਲਿਪ ਬਲਬ ਲਗਾਏ ਜਾਂਦੇ ਹਨ ਤਾਂ ਜੋ ਫੁੱਲ ਇੱਕ ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੱਕ ਖਿੜਦੇ ਰਹਿਣ। ਇਸ ਸਾਲ ਵਿਭਾਗ ਨੇ ਬਾਗ ਵਿੱਚ ਟਿਊਲਿਪ ਦੀਆਂ ਦੋ ਨਵੀਆਂ ਕਿਸਮਾਂ ਵੀ ਸ਼ਾਮਲ ਕੀਤੀਆਂ ਹਨ। ਇਸ ਸਾਲ ਇੱਕ ਨਵੀਂ ਰੰਗ ਸਕੀਮ ਪੇਸ਼ ਕੀਤੀ ਗਈ ਹੈ ਅਤੇ ਟਿਊਲਿਪਸ ਅਤੇ ਹੋਰ ਫੁੱਲਾਂ ਦੀਆਂ ਕਿਸਮਾਂ ਦੀ ਕੁੱਲ ਗਿਣਤੀ 74 ਹੋ ਗਈ ਹੈ।
ਇਥੇ ਬਸੰਤ ਦੇ ਹੋਰ ਫੁੱਲ ਵੀ ਪ੍ਰਦਰਸ਼ਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਾਇਸਿੰਥ (ਜਲਕੁੰਭੀ), ਡੈਫੋਡਿਲਜ਼, ਮਸਕਾਰੀ ਅਤੇ ਸਾਈਕਲੈਮੇਨ ਫੁੱਲ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ 55 ਹੈਕਟੇਅਰ 'ਚ ਫੈਲੇ ਬਾਗ 'ਚ ਲਗਭਗ 17 ਲੱਖ ਟਿਊਲਿਪ ਬਲਬ ਲਗਾਏ ਗਏ ਹਨ। -ਪੀਟੀਆਈ