ਭਾਰਤ ਤੇ ਚੀਨ ਵੱਲੋਂ ਪੇਈਚਿੰਗ ’ਚ ਕੂਟਨੀਤਕ ਗੱਲਬਾਤ
ਨਵੀਂ ਦਿੱਲੀ, 25 ਮਾਰਚ
ਭਾਰਤ ਤੇ ਚੀਨ ਨੇ ਮੰਗਲਵਾਰ ਨੂੰ ਇਸ ਸਾਲ ਦੇ ਅਖੀਰ ਵਿਚ ਕੌਮੀ ਰਾਜਧਾਨੀ ਵਿਚ ਸਰਹੱਦੀ ਮਸਲਿਆਂ ਨੂੰ ਲੈ ਕੇ ਹੋਣ ਵਾਲੇ ਵਿਸ਼ੇਸ਼ ਪ੍ਰਤੀਨਿਧਾਂ ਦੀ ਅਗਲੀ ਬੈਠਕ ਦੀਆਂ ਤਿਆਰੀਆਂ ਲਈ ਮਿਲ ਕੇ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ। ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਬਣੇ ਕੰਮਕਾਜੀ ਚੌਖਟੇ (WMCC) ਤਹਿਤ ਪੇਈਚਿੰਗ ਵਿੱਚ ਹੋਈ ਗੱਲਬਾਤ ਦੇ ਨਵੇਂ ਸੰਸਕਰਣ ਦੌਰਾਨ ਇਹ ਫੈਸਲਾ ਲਿਆ ਗਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ WMCC ਬੈਠਕ ‘ਸਕਾਰਾਤਮਕ ਤੇ ਉਸਾਰੂ ਮਾਹੌਲ’ ਵਿਚ ਹੋਈ ਤੇ ਦੋਵੇਂ ਧਿਰਾਂ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਹਾਲਾਤ ’ਤੇ ਵਿਆਪਕ ‘ਨਜ਼ਰਸਾਨੀ’ ਕੀਤੀ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘‘ਦੋਵੇਂ ਧਿਰਾਂ ਨੇ ਵਿਸ਼ੇਸ਼ ਪ੍ਰਤੀਨਿਧੀਆਂ (SR) ਦੀ ਇਸ ਸਾਲ ਦੇ ਅਖੀਰ ਵਿਚ ਭਾਰਤ ’ਚ ਹੋਣ ਵਾਲੀ ਅਗਲੀ ਮੀਟਿੰਗ ਲਈ ਮਹੱਤਵਪੂਰਨ ਤਿਆਰੀ ਕਰਨ ਲਈ ਮਿਲ ਕੇ ਕੰਮ ਕਰਨ ਦੀ ਸਹਿਮਤੀ ਦਿੱਤੀ ਹੈ।’’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਮੁੱਚੇ ਦੁਵੱਲੇ ਸਬੰਧਾਂ ਦੇ ਸੁਚਾਰੂ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਤੇ ਸਥਿਰਤਾ ਬਹੁਤ ਜ਼ਰੂਰੀ ਹੈ। ਮੰਤਰਾਲੇ ਨੇ ਕਿਹਾ, ‘‘ਦੋਵਾਂ ਧਿਰਾਂ ਨੇ ਦਸੰਬਰ 2024 ਵਿੱਚ ਪੇਈਚਿੰਗ ਵਿੱਚ ਭਾਰਤ-ਚੀਨ ਸਰਹੱਦੀ ਮਸਲੇ ਦੇ ਮੁੱਦੇ ’ਤੇ ਵਿਸ਼ੇਸ਼ ਪ੍ਰਤੀਨਿਧੀਆਂ ਦੀ 23ਵੀਂ ਬੈਠਕ ਵਿਚ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਅਤੇ ਪ੍ਰਭਾਵਸ਼ਾਲੀ ਸਰਹੱਦੀ ਪ੍ਰਬੰਧਨ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਉਪਾਵਾਂ ਅਤੇ ਤਜਵੀਜ਼ਾਂ ਦੀ ਪੜਚੋਲ ਕੀਤੀ ਹੈ।’’
ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਧਿਰਾਂ ਨੇ ਇਸ ਉਦੇਸ਼ ਲਈ ਸਬੰਧਤ ਕੂਟਨੀਤਕ ਅਤੇ ਫੌਜੀ ਚੌਖਟਿਆਂ ਨੂੰ ਬਣਾਈ ਰੱਖਣ ਅਤੇ ਮਜ਼ਬੂਤ ਕਰਨ ਦੀ ਸਹਿਮਤੀ ਦਿੱਤੀ ਹੈ। ਮੰਤਰਾਲੇ ਨੇ ਕਿਹਾ, ‘‘ਦੋਵਾਂ ਧਿਰਾਂ ਨੇ ਕੈਲਾਸ਼-ਮਾਨਸਰੋਵਰ ਯਾਤਰਾ ਸਣੇ ਸਰਹੱਦ ਪਾਰ ਸਹਿਯੋਗ ਅਤੇ ਆਦਾਨ-ਪ੍ਰਦਾਨ ਦੀ ਜਲਦੀ ਸ਼ੁਰੂਆਤ ’ਤੇ ਵੀ ਵਿਚਾਰ ਚਰਚਾ ਕੀਤੀ।’’ ਗੱਲਬਾਤ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ MEA ਵਿੱਚ ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਗੌਰੰਗਲਾਲ ਦਾਸ ਨੇ ਕੀਤੀ। ਚੀਨੀ ਵਫ਼ਦ ਦੀ ਅਗਵਾਈ ਚੀਨੀ ਵਿਦੇਸ਼ ਮੰਤਰਾਲੇ ਦੇ ਸਰਹੱਦੀ ਅਤੇ ਸਮੁੰਦਰੀ ਮਾਮਲਿਆਂ ਵਿਭਾਗ ਦੇ ਡਾਇਰੈਕਟਰ ਜਨਰਲ ਹਾਂਗ ਲਿਆਂਗ ਨੇ ਕੀਤੀ। -ਪੀਟੀਆਈ