ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਦੋ ਰੋਜ਼ਾ ਕਿਸਾਨ ਮੇਲਾ ਸ਼ਰੂ
ਸਤਵਿੰਦਰ ਬਸਰਾ
ਲੁਧਿਆਣਾ, 21 ਮਾਰਚ
ਇਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਾਲਾਨਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਪੰਜਾਬ ਤੋਂ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਕਿਸਾਨਾਂ ਨੇ ਨਵੀਂ ਖੇਤੀ ਮਸ਼ੀਨਰੀ ਦੇਖੀ ਅਤੇ ਬੀਜ ਖਰੀਦੇ। ਇਸ ਤੋਂ ਇਲਾਵਾ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਮੇਲੇ ਦਾ ਉਦਘਾਟਨ ਮੌਕੇ ਡਾ. ਗੁਰਦੇਵ ਸਿੰਘ ਖੁਸ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਲੀਫੋਰਨੀਆ ਤੋਂ ਸੋਗੀ ਕਿਸਾਨ ਚਰਨਜੀਤ ਸਿੰਘ ਬਾਠ, ਭੂਮੀ ਵਿਗਿਆਨੀ ਡਾ. ਸ਼ੈਰੇਨ ਬੇਨਸ, ਸਹਿਯੋਗੀ ਪ੍ਰੋਫੈਸਰ ਡਾ. ਗੁਰਰੀਤ ਸਿੰਘ ਬਰਾੜ, ਪਨਸੀਡ ਦੇ ਚੇਅਰਮੈਨ ਮਹਿੰਦਰ ਸਿੱਧੂ, ਫੂਡ ਕਮਿਸ਼ਨਰ ਪੰਜਾਬ ਦੇ ਚੇਅਰਮੈਨ ਡਾ. ਬਾਲ ਮੁਕੰਦ ਸ਼ਰਮਾ, ਡਾ. ਸਤਨਾਮ ਸਿੰਘ, ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ ਤੇ ਅਮਰਜੀਤ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਸਾਨਾਂ ਨੂੰ ਪੀਏਯੂ ਵੱਲੋਂ ਸਿਫਾਰਸ਼ ਕੀਤੇ ਬੀਜ ਅਤੇ ਰਸਾਇਣਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਕਿਸਾਨ ਮੇਲੇ ਦੇ ਮੁੱਖ ਪੰਡਾਲ ’ਚ ਨਵੇਂ ਟਰੈਕਟਰ, ਡਰੋਨ ਨਾਲ ਸਪਰੇਅ ਸਿਸਟਮ, ਕੰਬਾਈਨਾਂ ਅਤੇ ਹੋਰ ਖੇਤੀ ਮਸ਼ੀਨਰੀ ਵਾਲੇ ਵੱਡੇ ਵੱਡੇ ਸਟਾਲ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਖੇਤੀਬਾੜੀ ਵਿੱਚ ਮੱਲਾਂ ਮਾਰਨ ਵਾਲੇ ਕਿਸਾਨਾਂ ਹਰਪ੍ਰੀਤ ਕੌਰ, ਜਸਵੀਰ ਸਿੰਘ, ਜਸਕਰਨ ਸਿੰਘ, ਅਮਨਿੰਦਰ ਸਿੰਘ, ਗੁਰਦੀਪ ਸਿੰਘ, ਪਵਨੀਤ ਸਿੰਘ, ਬਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਡਾ. ਖੁਸ਼ ਨੇ ਕਿਹਾ ਕਿ ਇਹ ਮੇਲੇ ਦੋ-ਪਾਸੜ ਸਿੱਖਣ-ਸਿਖਾਉਣ ਦਾ ਅਮਲ ਹਨ। ਉਨ੍ਹਾਂ ਨੇ ਖੇਤੀ ਉਤਪਾਦਨ ਦੇ ਨਾਲ ਨਾਲ ਵਾਤਾਵਰਨ ਦੀ ਸੰਭਾਲ ਵੱਲ ਵੀ ਤਵੱਜੋਂ ਦੇਣ ਦੀ ਗੱਲ ਆਖੀ ਤੇ ਕਿਸਾਨਾਂ ਨੂੰ ਸਹੀ ਸਮੇਂ ਤੋਂ ਪਹਿਲਾਂ ਝੋਨਾ ਨਾ ਲਾਉਣ ਦੀ ਸਲਾਹ ਦਿੱਤੀ। ਡਾਇਰੈਕਟਰ ਖੋਜ ਡਾ. ਅਜਮੇਰ ਢੱਟ ਨੇ ਝੋਨੇ, ਮੱਕੀ, ਪੁਦੀਨਾ, ਸਬਜ਼ੀਆਂ ਅਤੇ ਫੁੱਲਾਂ ਦੀਆਂ ਸਿਫਾਰਿਸ਼ ਕੀਤੀਆਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ।
ਕਿਸਾਨਾਂ ਦੀ ਆਮਦ ਘਟੀ
ਸ਼ੰਭੂ ਬਾਰਡਰ ਅਤੇ ਹੋਰਨਾਂ ਥਾਵਾਂ ’ਤੇ ਕਿਸਾਨੀ ਧਰਨਿਆਂ ’ਤੇ ਸਰਕਾਰ ਵੱਲੋਂ ਕੀਤੀ ਕਾਰਵਾਈ ਦੇ ਅਸਰ ਵਜੋਂ ਅੱਜ ਪੀਏਯੂ ਕਿਸਾਨ ਮੇਲੇ ਵਿੱਚ ਕਿਸਾਨਾਂ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਘੱਟ ਰਹੀ। ਕਿਸਾਨ ਮੇਲੇ ਵਿੱਚ ਅੱਜ ਨਾ ਤਾਂ ਕੋਈ ਕੈਬਨਿਟ ਮੰਤਰੀ ਪਹੁੰਚਿਆ ਅਤੇ ਨਾ ਹੀ ਸਰਕਾਰ ਦਾ ਕੋਈ ਹੋਰ ਨੁਮਾਇੰਦਾ ਨਜ਼ਰੀ ਆਇਆ।