ਨਰਮੇ ਹੇਠ ਰਕਬਾ ਵਧਾਉਣ ਲਈ ਮਾਹਿਰਾਂ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 19 ਮਾਰਚ
ਸਾਲ 2025-26 ਵਿੱਚ ਨਰਮੇ ਦੀ ਖੇਤੀ ਨੂੰ ਪ੍ਰਫੁਲਿਤ ਕਰਨ ਲਈ ਉਪ ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ. ਸਤਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਸਥਾਨਕ ਖੇਤੀ ਭਵਨ ਵਿੱਚ ਅੰਤਰਰਾਜੀ ਸਲਾਹਕਾਰ ਅਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੇਤੀ ਮਾਹਿਰਾਂ ਅਤੇ ਵਿਗਿਆਨੀਆਂ ਵੱਲੋ ਭਾਗ ਲਿਆ ਗਿਆ। ਮੀਟਿੰਗ ਦੌਰਾਨ ਡਾ. ਗੋਸਲ ਨੇ ਕਿਹਾ ਕਿ ਕਿਸਾਨ ਸਿਖਲਾਈ ਕੈਪਾਂ ਅਤੇ ਨੁੱਕੜ ਮੀਟਿੰਗਾਂ ਰਾਹੀਂ ਕਿਸਾਨਾਂ ਨੂੰ ਸਿਰਫ ਪੀਏਯੂ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਦੀ ਬਿਜਾਈ ਕਰਨ ਲਈ ਹੀ ਪ੍ਰੇਰਿਤ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਰਕਬਾ ਨਰਮੇ ਦੀ ਫਸਲ ਹੇਠ ਲਿਆਂਦਾ ਜਾਵੇ। ਸਹਾਇਕ ਤੇਲਬੀਜ ਪ੍ਰਸਾਰ ਅਫਸਰ ਡਾ. ਕੁਲਵੰਤ ਸਿੰਘ ਨੇ ਸਟੇਟ ਵੱਲੋਂ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਦੀ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ ਅਤੇ ਨਰਮੇ ਦੀ ਬਿਜਾਈ ਲਈ 15 ਅਪਰੈਲ ਤੋਂ ਨਹਿਰੀ ਪਾਣੀ ਟੇਲਾਂ ਵਾਲੇ ਪਿੰਡਾਂ ਤੱਕ ਪਹੁੰਚ ਜਾਵੇਗਾ। ਇਸ ਲਈ ਨਰਮੇ ਦੀ ਬਿਜਾਈ ਲਈ ਭਰਵੀਂ ਰੌਣੀ ਨਹਿਰੀ ਪਾਣੀ ਨਾਲ ਹੀ ਕੀਤੀ ਜਾਵੇ। ਨਿਰਦੇਸ਼ਕ ਪ੍ਰਸਾਰ ਸਿੱਖਿਆ ਪੀਏਯੂ ਲੁਧਿਆਣਾ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਵੱਧ ਤੋਂ ਵੱਧ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਨਰਮੇ ਦੀ ਫਸਲ ਸਬੰਧੀ ਲੋੜੀਂਦੀ ਐਡਵਾਈਜ਼ਰੀ ਸਮੇਂ-ਸਮੇਂ ਸਿਰ ਮੁਹੱਈਆ ਕਰਵਾਈ ਜਾਵੇ ਅਤੇ ਕਿਸਾਨ ਸਿਖਲਾਈ ਕੈਂਪਾਂ ਰਾਹੀ ਕਿਸਾਨਾਂ ਨੂੰ ਸਹੀ ਸਪਰੇਅ ਤਕਨਾਲੋਜੀ ਸਬੰਧੀ ਜਾਗਰੂਕ ਕੀਤਾ ਜਾਵੇ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 60 ਪ੍ਰਤੀਸ਼ਤ ਨਰਮੇ ਦੀਆਂ ਛਿਟੀਆਂ ਦੇ ਢੇਰਾਂ ਦਾ ਪ੍ਰਬੰਧਨ ਕਰ ਦਿੱਤਾ ਗਿਆ ਹੈ ਅਤੇ ਇਸ ਮਹੀਨੇ ਦੌਰਾਨ ਜ਼ਿਲ੍ਹੇ ਦੇ ਸਾਰੇ ਪਿੰਡ ਕਵਰ ਕਰ ਲਏ ਜਾਣਗੇ।