ਪੀਆਰਟੀਸੀ ਦੀ ਬੱਸ ਵਿੱਚ ਨੇਤਰਹੀਣ ਦੇ ਸਹਾਇਕ ਦੀ ਟਿਕਟ ਕੱਟੀ
ਫ਼ਿਰੋਜ਼ਪੁਰ (ਸੰਜੀਵ ਹਾਂਡਾ):
ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਬੱਸ ਵਿੱਚ ਸਫ਼ਰ ਕਰ ਰਹੇ ਇੱਕ ਨੇਤਰਹੀਣ ਦੇ ਸਹਾਇਕ ਦੀ ਟਿਕਟ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪਟਿਆਲਾ ਦੀ ਸੰਚਾਲਨ ਸ਼ਾਖ਼ਾ ਵੱਲੋਂ ਇਸ ਦੇ ਜਨਰਲ ਮੈਨੇਜਰ ਦੇ ਦਸਤਖ਼ਤ ਹੇਠ ਨੇਤਰਹੀਣ ਯਾਤਰੀਆਂ ਦੇ ਸਹਾਇਕਾਂ ਲਈ ਮੁਫ਼ਤ ਬੱਸ ਸੇਵਾ ਸਬੰਧੀ ਸਪਸ਼ਟ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਤਾਜ਼ਾ ਘਟਨਾ ਸਰਕਾਰੀ ਕਾਲਜ ਫ਼ਰੀਦਕੋਟ ਦੇ ਸੇਵਾਮੁਕਤ ਸੰਗੀਤ ਲੈਕਚਰਾਰ ਅਨਿਲ ਗੁਪਤਾ ਨਾਲ ਵਾਪਰੀ ਹੈ। ਅਨਿਲ ਗੁਪਤਾ ਪ੍ਰੋਗਰੈਸਿਵ ਫ਼ੈਡਰੇਸ਼ਨ ਫ਼ਾਰ ਦਿ ਬਲਾਇੰਡ (ਪੰਜਾਬ ਯੂਨਿਟ) ਦੇ ਜਨਰਲ ਸਕੱਤਰ ਹਨ ਤੇ ਉਨ੍ਹਾਂ ਦੀ ਪਤਨੀ ਵੀ ਨੇਤਰਹੀਣ ਹੈ। ਉਹ ਅੱਜ ਆਪਣੇ ਸਹਾਇਕ ਆਸ਼ੂ ਸਿੰਘ ਦੇ ਨਾਲ ਪੀਆਰਟੀਸੀ ਦੀ ਬੱਸ ਵਿਚ ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਸਨ, ਜਿਥੇ ਬੱਸ ਕੰਡਕਟਰ ਵੱਲੋਂ ਉਨ੍ਹਾਂ ਨੂੰ ਆਪਣੇ ਸਹਾਇਕ ਲਈ 155 ਰੁਪਏ ਦੀ ਟਿਕਟ ਖਰੀਦਣ ਲਈ ਮਜਬੂਰ ਕੀਤਾ ਗਿਆ। ਇਹ ਸਭ ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਵਿਲੱਖਣ ਅਪਾਹਜ ਪਛਾਣ ਪੱਤਰ (ਯੂਡੀਆਈਡੀ) ਪੇਸ਼ ਕਰਨ ਅਤੇ ਅਧਿਕਾਰਤ ਨਿਰਦੇਸ਼ਾਂ ਨੂੰ ਉਜਾਗਰ ਕਰਨ ਦੇ ਬਾਵਜੂਦ ਹੋਇਆ। ਅਨਿਲ ਗੁਪਤਾ ਨੇ ਇਸ ਘਟਨਾ ਤੇ ਗਹਿਰਾ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨੇਤਰਹੀਣਾਂ ਵਾਸਤੇ ਇਹ ਸੁਵਿਧਾ ਲੈਣ ਲਈ ਉਨ੍ਹਾਂ ਦੇ ਨੇਤਰਹੀਣ ਸਾਥੀ ਵਿਜੇ ਵਾਲੀਆ ਦੀ ਅਗਵਾਈ ਵਿਚ ਤਿੰਨ ਸਾਲਾਂ ਦੀ ਕਾਨੂੰਨੀ ਲੜਾਈ ਲੜਨੀ ਪਈ ਸੀ।