ਮਾਨਸਾ ’ਚ ਕਣਕ ਦੀ ਫ਼ਸਲ ਨੂੰ ਗੁੱਲੀ-ਡੰਡੇ ਨੇ ਘੇਰਿਆ
ਜੋਗਿੰਦਰ ਸਿੰਘ ਮਾਨ
ਮਾਨਸਾ, 23 ਮਾਰਚ
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਨੂੰ ਇਸ ਵੇਲੇ ਗੁੱਲੀ-ਡੰਡੇ ਨਦੀਨ ਨੇ ਦੱਬ ਲਿਆ ਹੈ। ਭਾਵੇਂ ਖੇਤੀ ਵਿਭਾਗ ਵੱਲੋਂ ਕਿਸਾਨਾਂ ਨੂੰ ਫਸਲ ਦੀ ਬਿਜਾਈ ਤੋਂ ਪਹਿਲੇ ਪਾਣੀ ਤੱਕ ਇਹ ਨਦੀਨ ਮਾਰਨ ਲਈ ਪ੍ਰੇਰਿਆ ਜਾਂਦਾ ਹੈ ਪਰ ਇਸ ਵਾਰ ਇਹ ਨਦੀਨ ਮਰਨ ਵਿਚ ਹੀ ਨਹੀਂ ਆਇਆ ਹੈ। ਹੁਣ ਜਦੋਂ ਕਣਕ ਦੇ ਨਿਸਰਨ ਦਾ ਸਮਾਂ ਸੀ ਤਾਂ ਇਹ ਨਦੀਨ ਉਸ ਤੋਂ ਪਹਿਲਾਂ ਨਿਸਰ ਆਇਆ ਹੈ, ਜਿਸ ਨਾਲ ਝਾੜ ਵਿੱਚ ਵੱਡਾ ਅੜਿੱਕਾ ਬਣਨ ਲੱਗਿਆ ਹੈ। ਇਸ ਵੇਲੇ ਕਿਸਾਨ ਸਭ ਤੋਂ ਵੱਧ ਗੁੱਲੀ-ਡੰਡੇ ਤੋਂ ਘਬਰਾਏ ਹੋਏ ਹਨ, ਜਦੋਂ ਕਿ ਖੇਤੀਬਾੜੀ ਮਹਿਕਮੇ ਕੋਲ ਇਹ ਨਦੀਨ ਨਾ ਮਰਨ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਪੁੱਜ ਰਹੀਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾੜ੍ਹੀ ਦੀ ਇਸ ਮੁੱਖ ਫਸਲ ਕਣਕ ਵਿਚਲੇ ਨਦੀਨਾਂ ਨੂੰ ਮਾਰਨ ਲਈ ਆਮ ਵਾਂਗ ਖੇਤੀ ਵਿਭਾਗ ਵੱਲੋਂ ਦੱਸੀਆਂ ਹੋਈਆਂ ਸਪਰੇਆਂ ਨੂੰ ਖੇਤਾਂ ਵਿਚ ਛਿੜਕਿਆ ਹੈ ਪਰ ਇਸ ਵਾਰ ਕਿਸੇ ਵੀ ਸਪਰੇਅ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ ਹੈ।
ਪਿੰਡ ਫਫੜੇ ਭਾਈਕੇ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵੇਲੇ ਗੁੱਲੀ-ਡੰਡੇ ਦਾ ਨਦੀਨ ਕਿਸਾਨਾਂ ਲਈ ਸਭ ਤੋਂ ਵੱਡੀ ਸਿਰਦਰਦੀ ਖੜ੍ਹੀ ਕਰ ਰਿਹਾ ਹੈ ਅਤੇ ਅਨੇਕਾਂ ਕਿਸਾਨਾਂ ਨੇ ਤਿੰਨ-ਤਿੰਨ ਮਹਿੰਗੀਆਂ ਸਪਰੇਆਂ ਨੂੰ ਛਿੜਕਣ ਦੇ ਬਾਵਜੂਦ ਇਹ ਮਰਨ ਵਿਚ ਨਹੀਂ ਆ ਰਿਹਾ ਹੈ।
ਕਿਸਾਨਾਂ ਤੋਂ ਮਿਲੇ ਵੇਰਵਿਆਂ ਮੁਤਾਬਕ ਪਤਾ ਲੱਗਿਆ ਹੈ ਕਿ ਲਗਾਤਾਰ ਦੋ-ਦੋ ਮਹਿੰਗੀਆਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੇ ਬਾਵਜੂਦ ਇਹ ਗੁੱਲੀ-ਡੰਡਾ ਨਹੀਂ ਮਰਿਆ ਹੈ। ਖੇਤੀ ਵਿਗਿਆਨੀ ਡਾ. ਜੀ.ਐਸ ਰੋਮਾਣਾ ਦਾ ਕਹਿਣਾ ਹੈ ਕਿ ਅਕਸਰ ਹੀ ਕਿਸਾਨ ਗੁੱਲੀ-ਡੰਡੇ ਸਮੇਤ ਕਣਕ ’ਚੋਂ ਹੋਰ ਨਦੀਨਾਂ ਨੂੰ ਮੁਕਾਉਣ ਲਈ ਸਪਰੇਆਂ ਕਰਨ ਵਿੱਚ ਲੇਟ ਹੋ ਜਾਂਦੇ ਹਨ।