ਮਾਨਸਾ ’ਚ ਕਿਸਾਨਾਂ ਵੱਲੋਂ ਡੀਐੱਸਪੀ ਦਫ਼ਤਰ ਅੱਗੇ ਧਰਨਾ
ਜੋਗਿੰਦਰ ਸਿੰਘ ਮਾਨ
ਮਾਨਸਾ, 19 ਮਾਰਚ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਿਸਾਨਾਂ ਦੀਆਂ ਖੇਤੀ ਵਾਲੀਆਂ ਮੋਟਰਾਂ ਤੇ ਕੇਬਲ ਤਾਰਾਂ ਲਗਾਤਾਰ ਚੋਰੀ ਹੋਣ ’ਤੇ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਮਾਨਸਾ ਬਲਾਕ ਦੇ 22 ਪਿੰਡਾਂ ਦੇ ਕਿਸਾਨਾਂ ਨੇ ਇਥੇ ਡੀਐੱਸਪੀ ਦਫ਼ਤਰ ਨੇੜੇ ਧਰਨਾ ਲਾ ਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਅਤੇ ਭਾਨ ਸਿੰਘ ਬਰਨਾਲਾ ਨੇ ਕਿਹਾ ਕਿ ਜ਼ਿਲ੍ਹੇ ਦੇ ਮਾਨਸਾ ਸਮੇਤ ਦੂਲੋਵਾਲ, ਉੱਭਾ, ਤਾਮਕੋਟ, ਬੁਰਜ ਹਰੀ, ਬੁਰਜ ਢਿੱਲਵਾਂ, ਜਵਾਹਰਕੇ, ਠੂਠਿਆਂਵਾਲੀ ਅਤੇ ਭੈਣੀਬਾਘਾ ਸਮੇਤ ਹੋਰ ਦਰਜਨਾਂ ਪਿੰਡਾਂ ਵਿੱਚ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਹਾ ਕਿ ਚੋਰਾਂ ਦੇ ਹੌਂਸਲੇ ਬਹੁਤ ਵੱਧ ਚੁੱਕੇ ਹਨ ਅਤੇ ਉਹ ਚੋਰੀਆਂ ਕੀਤੀਆਂ ਕੇਬਲ ਤਾਰਾਂ ਇਕੱਠੀਆਂ ਕਰਕੇ ਖੇਤਾਂ ਵਿੱਚ ਹੀ ਸਾੜ ਕੇ ਤਾਂਬਾ ਕੱਢ ਕੇ ਲੈ ਜਾਂਦੇ ਹਨ। ਇਸ ਮਸਲੇ ਨੂੰ ਲੈ ਕੇ ਮਾਨਸਾ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਮਿਲ ਚੁੱਕੇ ਹਨ, ਪ੍ਰੰਤੂ ਪੁਲੀਸ ਵੱਲੋਂ ਕਿਸੇ ਮੁਲਜ਼ਮ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਚੋਰੀ ਦੀਆਂ ਮੋਟਰਾਂ ਖਰੀਦਣ ਵਾਲੇ ਕਬਾੜੀਆਂ ਤੋਂ ਅੱਜ ਤੱਕ ਪੁੱਛ-ਪੜਤਾਲ ਕੀਤੀ ਗਈ ਹੈ।
ਕਿਸਾਨ ਆਗੂ ਜਗਰਾਜ ਸਿੰਘ ਮਾਨਸਾ ਨੇ ਮੰਗ ਕੀਤੀ ਕਿ ਚੋਰਾਂ ਦੇ ਨਾਲ-ਨਾਲ ਜਿਹੜੇ ਕਬਾੜੀਏ ਚੋਰੀ ਕੀਤੀਆਂ ਤਾਰਾਂ ਦਾ ਤਾਂਬਾ ਖਰੀਦਦੇ ਹਨ, ਉਨ੍ਹਾਂ ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਜਾਵੇ।
ਡੀਐੱਸਪੀ ਬੂਟਾ ਸਿੰਘ ਗਿੱਲ ਨੇ ਧਰਨਾਕਾਰੀਆਂ ਨੂੰ ਮੰਚ ਤੋਂ ਭਰੋਸਾ ਦਿਵਾਇਆ ਕਿ ਜਿਹੜੇ ਵਿਅਕਤੀ ਕਸੂਰਵਾਰ ਹਨ ਜਾਂ ਚੋਰੀ ਦਾ ਮਾਲ ਖਰੀਦਣ ਵਾਲ ਕਬਾੜੀਏ ਹਨ, ਉਨ੍ਹਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਜਥੇਬੰਦੀ ਵੱਲੋਂ ਧਰਨੇ ਨੂੰ ਚੁੱਕਣ ਦਾ ਐਲਾਨ ਕੀਤਾ ਗਿਆ।