ਪੀਯੂ: ਵਿਦਿਆਰਥੀ ਕਾਊਂਸਲ ਦੇ ਅਹੁਦੇਦਾਰਾਂ ਨੇ ਅਹੁਦੇ ਸੰਭਾਲੇ
ਕੁਲਦੀਪ ਸਿੰਘ
ਚੰਡੀਗੜ੍ਹ, 13 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਲ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਚੁੱਕੇ ਅਹੁਦੇਦਾਰਾਂ ਨੇ ਅੱਜ ਸਹੁੰ ਚੁੱਕੀ ਅਤੇ ਆਪੋ-ਆਪਣੇ ਦਫ਼ਤਰਾਂ ਵਿੱਚ ਅਹੁਦੇ ਸੰਭਾਲ ਲਏ।
ਡੀ.ਐੱਸ.ਡਬਲਿਯੂ. (ਲੜਕੇ) ਪ੍ਰੋ. ਜਤਿੰਦਰ ਗਰੋਵਰ ਨੇ ਫਿਜ਼ਿਕਸ ਵਿਭਾਗ ਦੇ ਆਡੀਟੋਰੀਅਮ ਵਿੱਚ ਕਰਵਾਏ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਜਤਿੰਦਰ ਸਿੰਘ, ਮੀਤ ਪ੍ਰਧਾਨ ਰਣਮੀਕਜੋਤ ਕੌਰ, ਸਕੱਤਰ ਦੀਪਕ ਗੋਇਤ ਅਤੇ ਜੁਆਇੰਟ ਸਕੱਤਰ ਗੌਰਵ ਚਹਿਲ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁਕਵਾਉਣ ਦੀ ਰਸਮ ਅਦਾ ਕੀਤੀ। ਵਾਈਸ ਚਾਂਸਲਰ ਪ੍ਰੋ. ਰੇਣੂ ਵਿੱਗ ਨੇ ਪਹੁੰਚ ਕੇ ਇਨ੍ਹਾਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਗਰੁੱਪ ਫੋਟੋ ਵੀ ਕਰਵਾਈ। ਇਸ ਉਪਰੰਤ ਵਿਦਿਆਰਥੀ ਕੇਂਦਰ ਵਿੱਚ ਸਥਿਤ ਦਫ਼ਤਰਾਂ ਵਿੱਚ ਇਨ੍ਹਾਂ ਅਹੁਦੇਦਾਰਾਂ ਨੂੰ ਸੀਟਾਂ ਉਤੇ ਬਿਰਾਜਮਾਨ ਕਰਕੇ ਕਾਰਜਭਾਰ ਸੰਭਾਲ਼ੇ ਗਏ। ਡੀ.ਐੱਸ.ਡਬਲਿਯੂ. (ਲੜਕੀਆਂ) ਪ੍ਰੋ. ਸਿਮਰਤ ਕਾਹਲੋਂ, ਐਸੋਸੀਏਟ ਡੀ.ਐਸ.ਡਬਲਿਯੂ. ਪ੍ਰੋ. ਨਰੇਸ਼ ਕੁਮਾਰ ਵੀ ਇਸ ਮੌਕੇ ਹਾਜ਼ਰ ਸਨ।
ਵਿਦਿਆਰਥੀ ਕੇਂਦਰ ਵਿਖੇ ਸਥਿਤ ਦਫ਼ਤਰਾਂ ਵਿੱਚ ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ‘ਐੱਨ.ਐੱਸ.ਯੂ. ਆਈ.’ ਦੇ ਉਮੀਦਵਾਰ ਜਤਿੰਦਰ ਸਿੰਘ ਦੇ ਕਾਰਜਭਾਰ ਸੰਭਾਲਣ ਮੌਕੇ ਯੂਥ ਕਾਂਗਰਸ ਪ੍ਰਧਾਨ ਮਨੋਜ ਲੁਬਾਣਾ ਸਮੇਤ ਸਿਕੰਦਰ ਬੂਰਾ ਅਤੇ ਹੋਰ ਕਈ ਆਗੂ ਹਾਜ਼ਰ ਸਨ ਜਿਨ੍ਹਾਂ ਨੇ ਪ੍ਰਧਾਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
ਮੀਤ ਪ੍ਰਧਾਨ ਰਣਮੀਕਜੋਤ ਨੇ ਚੁੱਕੀ ਪੰਜਾਬੀ ਵਿੱਚ ਸਹੁੰ
ਫਿਜ਼ਿਕਸ ਵਿਭਾਗ ਦੇ ਆਡੀਟੋਰੀਅਮ ਵਿੱਚ ਡੀ.ਐੱਸ.ਡਬਲਿਯੂ. ਵੱਲੋਂ ਸਹੁੰ ਚੁਕਵਾਉਣ ਦੀ ਰਸਮ ਅਦਾ ਕਰਨ ਸਮੇਂ ਮੀਤ ਪ੍ਰਧਾਨ ਰਣਮੀਕਜੋਤ ਕੌਰ ਨੇ ਅੰਗਰੇਜ਼ੀ ਦੀ ਬਜਾਇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ।
ਪੰਜ ਕਾਰਜਕਾਰਨੀ ਮੈਂਬਰਾਂ ਦੀ ਵੀ ਹੋਈ ਚੋਣ
ਅੱਜ ਵਿਦਿਆਰਥੀ ਕਾਊਂਸਲ ਦੇ ਅਹੁਦੇਦਾਰਾਂ ਨੂੰ ਸਹੁੰ ਚੁਕਵਾਉਣ ਦੇ ਨਾਲ਼-ਨਾਲ਼ ਪੰਜ ਕਾਰਜਕਾਰਨੀ ਮੈਂਬਰਾਂ ਦੀ ਚੋਣ ਵੀ ਕਰਵਾਈ ਗਈ। ਚੁਣੇ ਗਏ ਕੁੱਲ 126 ਡੀ.ਆਰਜ਼ ਦੀ ਵੋਟਿੰਗ ਕਰਵਾ ਕੇ ਇਹ ਚੋਣ ਕੀਤੀ ਗਈ ਜਿਨ੍ਹਾਂ ਵਿੱਚੋਂ ਸਟੈਟਿਕਸ ਵਿਭਾਗ ਤੋਂ ਦਕਸ਼ ਕੋਹਲੀ, ਮਨੋਵਿਗਿਆਨ ਵਿਭਾਗ ਤੋਂ ਰਿਤਿਕਾ ਚੰਦਰ, ਯੂ.ਆਈ.ਐਲ.ਐਸ. ਤੋਂ ਪਰਮਜੀਤ ਸਿੰਘ, ਹਿਊਮੈਨ ਜ਼ਿਨੋਮ ਤੋਂ ਧਰੁਵਿਕਾ ਅਤੇ ਜ਼ੂਲੋਜੀ ਵਿਭਾਗ ਤੋਂ ਲਵਨੀਸ਼ ਪੁਰੀ ਨੂੰ ਮੈਂਬਰ ਵਜੋਂ ਚੁਣਿਆ ਗਿਆ।