ਮੁਬਾਰਕਪੁਰ-ਰਾਮਗੜ੍ਹ ਰੋਡ ’ਤੇ ਉੱਡਦੀ ਧੂੜ ਤੋਂ ਲੋਕ ਪ੍ਰੇਸ਼ਾਨ
ਡੇਰਾਬੱਸੀ, 15 ਜੂਨ
ਮੁਬਾਰਕਪੁਰ-ਰਾਮਗੜ੍ਹ ਰੋਡ ’ਤੇ ਧੂੜ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਸੜਕ ਦੇ ਦੋਵੇਂ ਪਾਸੇ ਸਟੋਨ ਕਰਸ਼ਰ ਅਤੇ ਸਕਰੀਨਿੰਗ ਪਲਾਂਟ ਸਥਿਤ ਹਨ ਅਤੇ ਜਿੱਥੇ ਰੇਤ, ਬਜ਼ਰੀ, ਪੱਥਰ ਅਤੇ ਗਰੇਵਲ ਦੇ ਵਾਹਨ ਆਉਂਦੇ-ਜਾਂਦੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਸਾਰਾ ਦਿਨ ਧੂੜ ਉੱਡਦੀ ਰਹਿੰਦੀ ਹੈ। ਸੜਕ ਦੇ ਦੋਵੇਂ ਪਾਸੇ ਮਿੱਟੀ ਖਿੱਲਰੀ ਰਹਿੰਦੀ ਹੈ, ਜੋ ਵਾਹਨਾਂ ਨਾਲ ਉੱਡਦੀ ਰਹਿੰਦੀ ਹੈ।
ਧੂੜ ਕਾਰਨ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਮੱਸਿਆ ਸਬੰਧੀ ਵਾਰ-ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਉਹ ਇਸ ਗੰਭੀਰ ਮਾਮਲੇ ’ਤੇ ਕੋਈ ਧਿਆਨ ਨਹੀਂ ਦੇ ਰਿਹਾ। ਲੋਕਾਂ ਨੇ ਦੱਸਿਆ ਕਿ ਇਸ ਸੜਕ ਕਾਫੀ ਵਿਅਸਤ ਸੜਕ ਹੈ ਜਿਥੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਸਾਰਾ ਦਿਨ ਧੂੜ ਉੱਡਣ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਖਾਸ ਤੌਰ ’ਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਧੂੜ ਅੱਖਾਂ ਵਿੱਚ ਪੈ ਜਾਂਦੀ ਹੈ, ਜਿਸ ਨਾਲ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।
ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਘਰਾਂ ਅੰਦਰ ਵੀ ਧੂੜ ਦੀ ਪਰਤ ਜੰਮ ਜਾਂਦੀ ਹੈ, ਜਿਸ ਕਾਰਨ ਸਫ਼ਾਈ ਕਰਨਾ ਮੁਸ਼ਕਲ ਹੋ ਗਿਆ ਹੈ। ਕਈ ਲੋਕਾਂ ਨੂੰ ਸਾਹ ਦੀਆਂ ਬਿਮਾਰੀਆਂ, ਖਾਂਸੀ ਅਤੇ ਅੱਖਾਂ ਵਿੱਚ ਜਲਣ ਦੀਆਂ ਸ਼ਿਕਾਇਤਾਂ ਹੋ ਰਹੀਆਂ ਹਨ। ਬੱਚੇ ਅਤੇ ਬਜ਼ੁਰਗ ਖਾਸ ਤੌਰ ’ਤੇ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਇਸ ਸਮੱਸਿਆ ਬਾਰੇ ਸ਼ਿਕਾਇਤ ਕੀਤੀ ਹੈ ਪਰ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਦ ਤੱਕ ਸੜਕ ’ਤੇ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ ਤਾਂ ਜੋ ਦਿੱਕਤ ਘੱਟ ਆਏ ਪਰ ਪ੍ਰਸ਼ਾਸਨਿਕ ਅਧਿਕਾਰੀ ਪਾਣੀ ਦਾ ਛਿੜਕਾਅ ਕਰਨ ਵਰਗੇ ਬੁਨਿਆਦੀ ਕਦਮ ਵੀ ਨਹੀਂ ਚੁੱਕ ਰਹੇ ਤਾਂ ਜੋ ਧੂੜ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਕੁਝ ਦੇਰ ਇਥੇ ਪਾਣੀ ਦਾ ਛਿੜਕਾਅ ਕੀਤਾ ਗਿਆ ਸੀ ਪਰ ਹੁਣ ਪਾਣੀ ਦਾ ਛਿੜਕਾਅ ਵੀ ਬੰਦ ਕਰ ਦਿੱਤਾ ਗਿਆ ਹੈ।
ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਮਾਮਲ ’ਤੇ ਧਿਆਨ ਦੇਵੇ ਅਤੇ ਧੂੜ ਦੀ ਸਮੱਸਿਆ ਦੇ ਹੱਲ ਲਈ ਢੁੱਕਵੇਂ ਕਦਮ ਚੁੱਕੇ ਜਾਣ, ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਐੱਸਡੀਐੱਮ ਅਮਿਤ ਗੁਪਤਾ ਨੇ ਕਿਹਾ ਕਿ ਛੇਤੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।