ਨਗਰ ਨਿਗਮ ਨੇ ਵਟਸਐਪ ਸ਼ਿਕਾਇਤਾਂ ਦਾ ਦਾਇਰਾ ਵਧਾਇਆ
ਚੰਡੀਗੜ੍ਹ, 15 ਜੂਨ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਡਸਟਬਿਨਾਂ ਜਾਂ ਕੂੜੇ ਵਾਲੀਆਂ ਥਾਵਾਂ ਦੀ ਬਜਾਇ ਖੁੱਲ੍ਹੇ ਵਿੱਚ ਜਾਂ ਸੜਕਾਂ, ਗਲੀਆਂ, ਮਾਰਕੀਟਾਂ ਅਤੇ ਪਾਰਕਿੰਗਾਂ ਵਿੱਚ ਕੂੜਾ ਸੁੱਟਣ ਵਾਲਿਆਂ ਦੀਆਂ ਸ਼ਿਕਾਇਤਾਂ ਲਈ ਜਾਰੀ ਕੀਤੇ ਗਏ ਵਟਸਐਪ ਨੰਬਰ 9915762917 ਦਾ ਦਾਇਰਾ ਵਧਾ ਦਿੱਤਾ ਹੈ।
ਇਸ ਪਲੇਟਫਾਰਮ ਦਾ ਉਦੇਸ਼ ਸਫਾਈ ਨਾਲ ਸਬੰਧਤ ਸ਼ਿਕਾਇਤਾਂ, ਖਾਸ ਕਰਕੇ ਜਨਤਕ ਥਾਵਾਂ ’ਤੇ ਕੂੜੇ ਦੇ ਖੁੱਲ੍ਹੇ ਡੰਪਿੰਗ ਨਾਲ ਸਬੰਧਿਤ ਸ਼ਿਕਾਇਤਾਂ ਦੇ ਨਿਬੇੜੇ ਨੂੰ ਸੁਚਾਰੂ ਬਣਾਉਣਾ ਹੈ।
ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈਏਐੱਸ ਨੇ ਕਿਹਾ, ‘ਵਟਸਐਪ ਸ਼ਿਕਾਇਤ ਨੰਬਰ 9915762917 ਨਾਗਰਿਕਾਂ ਨਾਲ ਸਿੱਧੇ ਤੌਰ ’ਤੇ ਜੁੜਨ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਤੇਜ਼ੀ ਨਾਲ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਫੀਡਬੈਕ ਵਿਧੀ ਦੇ ਜੋੜ ਨਾਲ ਨਿਗਮ ਸੇਵਾ ਪ੍ਰਦਾਨ ਕਰਨ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।’
ਕਮਿਸ਼ਨਰ ਨੇ ਕਿਹਾ ਕਿ ਨਾਗਰਿਕ ਸ਼ਹਿਰ ਵਿੱਚ ਪਲਾਸਟਿਕ ਕੈਰੀ ਬੈਗਾਂ ਅਤੇ ਹੋਰ ਪਾਬੰਦੀਸ਼ੁਦਾ ਪਲਾਸਟਿਕ ਵਸਤੂਆਂ ਦੀ ਵਰਤੋਂ ਸੰਬੰਧੀ ਸ਼ਿਕਾਇਤਾਂ ਵੀ ਭੇਜ ਸਕਦੇ ਹਨ, ਜਿਸ ਰਾਹੀਂ ਐਮਸੀਸੀ ਨਾਗਰਿਕਾਂ ਰਾਹੀਂ ਵੀ ਉਲੰਘਣਾ ਕਰਨ ਵਾਲਿਆਂ ਨੂੰ ਟੈਪ ਕਰ ਸਕਦਾ ਹੈ ਅਤੇ ਪਲਾਸਟਿਕਮੁਕਤ ਚੰਡੀਗੜ੍ਹ ਬਣਾਉਣ ਦੀ ਵਚਨਬੱਧਤਾ ਨਾਲ ਅੱਗੇ ਵਧ ਸਕਦਾ ਹੈ। ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਅਤੇ ਨਾਗਰਿਕ ਅਨੁਸ਼ਾਸਨ ਨੂੰ ਬਣਾਈ ਰੱਖਣ ਲਈ ਨਾਗਰਿਕਾਂ ਦੀ ਸ਼ਮੂਲੀਅਤ ਲਾਜ਼ਮੀ ਹੈ। ਇਹ ਪਹਿਲ ਨਿਵਾਸੀਆਂ ਨੂੰ ਸ਼ਹਿਰੀ ਪ੍ਰਬੰਧਨ ਵਿੱਚ ਸਰਗਰਮ ਹਿੱਸੇਦਾਰ ਬਣਨ ਦਾ ਅਧਿਕਾਰ ਦਿੰਦੀ ਹੈ। ਉਨ੍ਹਾਂ ਨੇ ਹੋਰ ਨਾਗਰਿਕਾਂ ਨੂੰ ਵੀ ਉਲੰਘਣਾਵਾਂ ਦੀ ਰਿਪੋਰਟ ਕਰਨ ਵਾਸਤੇ ਅੱਗੇ ਆਉਣ ਅਤੇ ਨਗਰ ਨਿਗਮ ਨਾਲ ਆਪਣੇ ਅਨੁਭਵ ਸਾਂਝੇ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਡਿਜ਼ੀਟਲ ਟੂਲਸ ਅਤੇ ਜਨਤਕ ਸ਼ਮੂਲੀਅਤ ਰਾਹੀਂ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਵਚਨਬੱਧ ਹੈ। ਨਾਗਰਿਕ ਮੁੱਦਿਆਂ ਦੀ ਰਿਪੋਰਟ ਕਰਨ ਅਤੇ ਚੰਡੀਗੜ੍ਹ ਨੂੰ ਸਾਫ਼ ਅਤੇ ਹਰਾ ਰੱਖਣ ਵਿੱਚ ਯੋਗਦਾਨ ਪਾਉਣ ਲਈ ਵੱਟਸਐਪ ਸ਼ਿਕਾਇਤ ਨੰਬਰ ਦੀ ਵਰਤੋਂ ਕਰਨਾ ਜਾਰੀ ਰੱਖਣ।
ਹੁਣ ਤੱਕ 271 ਸ਼ਿਕਾਇਤਾਂ ਪ੍ਰਾਪਤ ਹੋਈਆਂ
ਕਮਿਸ਼ਨਰ ਨੇ ਕਿਹਾ ਕਿ ਵਟਸਐਪ ਨੰਬਰ ’ਤੇ ਹੁਣ ਤੱਕ ਕੁੱਲ 271 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚੋਂ 222 ਸ਼ਿਕਾਇਤਾਂ ਦਾ ਨਿਬੇੜਾ ਕੀਤਾ ਗਿਆ ਹੈ, ਜਦੋਂ ਕਿ 10 ਸ਼ਿਕਾਇਤਾਂ ਪ੍ਰਕਿਰਿਆ ਅਧੀਨ ਹਨ। ਖਾਸ ਤੌਰ ’ਤੇ ਨਿਗਮ ਨੇ ਜਨਤਾ ਦੀ ਸੰਤੁਸ਼ਟੀ ਦਾ ਪਤਾ ਲਗਾਉਣ ਵਾਸਤੇ ਫੀਡਬੈਕ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਕੁੱਲ 17 ਫੀਡਬੈਕ ਜਵਾਬ ਪ੍ਰਾਪਤ ਹੋਏ ਹਨ।