ਪੀਐੱਸਪੀਸੀਐੱਲ ਨੇ ਡਿਫਾਲਟਰ ਖਪਤਕਾਰਾਂ ਤੋਂ 6.40 ਕਰੋੜ ਰੁਪਏ ਉਗਰਾਹੇ
ਪੱਤਰ ਪੇ੍ਰਕ
ਰਾਮਾਂ ਮੰਡੀ, 28 ਮਾਰਚ
ਪੀਐਸਪੀਸੀਐਲ ਨੇ ਪਿਛਲੇ ਸਮੇਂ ਤੋਂ ਵੱਖ ਵੱਖ ਸਬ ਡਿਵੀਜ਼ਨਾਂ ਅੰਦਰ ਖਪਤਕਾਰਾਂ ਵੱਲ ਬਕਾਏ ਵਜੋਂ ਖੜ੍ਹੇ ਕਰੋੜਾਂ ਰੁਪਏ ਦੀ ਉਗਰਾਹੀ ਕੀਤੀ ਹੈ। ਸੀਨੀਅਰ ਕਾਰਜਕਾਰੀ ਇੰਜਨੀਅਰ ਕੁਲਵਿੰਦਰ ਸ਼ਰਮਾ ਨੇ ਦੱਸਿਆ ਕਿ ਇੰਜ ਹਰੀਸ਼ ਗੋਠਵਾਲ ਸਮੇਤ ਮੁੱਖ ਇੰਜ ਪੱਛਮ ਪ੍ਰਵੀਨ ਸਿੰਘ ਬਿੰਦਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ ਡਿਫਾਲਟਰ ਖਪਤਕਾਰਾਂ ਵੱਲ ਲੰਬੇ ਸਮੇ ਤੋਂ ਖੜ੍ਹੀ ਛੇ ਕਰੋੜ ਚਾਲੀ ਲੱਖ ਰੁਪਏ ਦੀ ਉਗਰਾਹੀ ਕੀਤੀ ਗਈ ਹੈ। ਇਸ ਵਿਚ ਉੱਪ ਮੰਡਲ ਰਾਮਾਂ ਮੰਡੀ ਵਿਚੋਂ ਇੱਕ ਕਰੋੜ ਬੱਤੀ ਲੱਖ, ਤਲਵੰਡੀ ਸਾਬੋ ਵਿਚੋਂ ਇੱਕ ਕਰੋੜ ਪੰਚਾਨਵੇ ਲੱਖ, ਕੋਟ ਸ਼ਮੀਰ ਵਿਚੋਂ ਇੱਕ ਕਰੋੜ ਚੌਵੀ ਲੱਖ, ਸ਼ਹਿਰ ਮੌੜ ਵਿਚੋਂ ਸਤਾਹਠ ਲੱਖ, ਅਰਧ ਸ਼ਾਦਹਰੀ ਮੌੜ ਵਿਚੋਂ ਇੱਕ ਕਰੋੜ ਬਾਈ ਲੱਖ ਰੁਪਏ ਸ਼ਾਮਲ ਹਨ। ਇੰਜ ਕੁਲਵਿੰਦਰ ਸ਼ਰਮਾ ਨੇ ਦੱਸਿਆ ਕਿ ਖਪਤਕਾਰਾਂ ਦੀ ਸਹੂਲਤ ਲਈ ਬਿੱਲ ਭਰ ਕੇ ਕੱਟੇ ਗਏ ਕੁਨੈਕਸ਼ਨ ਬਹਾਲ ਕਰਵਾਉਣ ਲਈ ਸ਼ਨਿਚਰਵਾਰ ਅਤੇ ਸੋਮਵਾਰ ਨੂੰ ਛੁੱਟੀ ਵਾਲੇ ਦਿਨ ਕੈਸ਼ ਕਾਉਂਟਰ ਖੁੱਲ੍ਹੇ ਰੱਖੇ ਜਾਣਗੇ।