ਅਣਪਛਾਤਿਆਂ ਵੱਲੋਂ ਪੀਆਰਟੀਸੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ
ਗਿੱਦੜਬਾਹਾ, 25 ਅਪਰੈਲ
ਸਥਾਨਕ ਹੁਸਨਰ ਚੌਕ ਵਿੱਚ ਕੁਝ ਨੌਜਵਾਨਾਂ ਵੱਲੋਂ ਪੀਆਰਟੀਸੀ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਕੰਡਕਟਰ ਨੂੰ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਪੀਆਰਟੀਸੀ ਦੇ ਕੰਡਕਟਰ ਨਾਲ ਹੋਈ ਕੁੱਟਮਾਰ ਤੋਂ ਬਾਅਦ ਰੋਸ ਵਿੱਚ ਆਏ ਪੀਆਰਟੀਸੀ ਦੀਆਂ ਹੋਰ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਹੁਸਨਰ ਚੌਕ ਵਿੱਚ ਬੱਸਾਂ ਲਗਾ ਕੇ ਸੜਕੀ ਆਵਾਜਾਈ ਬੰਦ ਕਰ ਦਿੱਤੀ ਅਤੇ ਕੰਡਕਟਰ ਨਾਲ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਮੰਗ ਕੀਤੀ ਅਤੇ ਬਿਨਾਂ ਕਾਰਵਾਈ ਤੋਂ ਬੱਸਾਂ ਹਟਾਉਣ ਤੋਂ ਮਨਾਂ ਕਰ ਦਿੱਤਾ। ਦੂਜੇ ਪਾਸੇ ਸਿਵਲ ਹਸਪਤਾਲ ਗਿੱਦੜਬਾਹਾ ਵਿੱਚ ਜੇਰੇ ਇਲਾਜ ਪੀਆਰਟੀਸੀ ਬੱਸ ਦੇ ਕੰਡਕਟਰ ਗੁਰਵਿੰਦਰ ਸਿੰਘ ਵਾਸੀ ਫੁੱੱਲੂ ਖੇੜਾ ਨੇ ਦੱਸਿਆ ਕਿ ਅੱਜ ਸ਼ਾਮ ਉਹ ਮਲੋਟ ਤੋਂ ਬੱਸ ਲੈ ਕੇ ਹੁਸਨਰ ਚੌਕ ਗਿੱਦੜਬਾਹਾ ਵਿੱਚ ਪਹੁੰਚਿਆ ਅਤੇ ਜਿਵੇਂ ਹੀ ਉਹ ਸਵਾਰੀਆਂ ਨੂੰ ਬੁਲਾਉਣ ਲਈ ਹੇਠਾਂ ਉਤਰਿਆ ਤਾਂ ਇਕ ਲੜਕੀ ਅਤੇ ਉਸ ਦੇ ਨਾਲ ਪੰਜ-ਛੇ ਲੜਕੇ ਸਨ। ਉਨ੍ਹਾਂ ਨੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਥਾਣਾ ਗਿੱਦੜਬਾਹਾ ਦੀ ਐੱਸਐੱਚਓ ਦੀਪਿਕਾ ਰਾਣੀ ਨੇ ਕਿਹਾ ਕਿ ਉਨ੍ਹਾਂ ਵੱਲੋਂ 2 ਲੜਕੀਆਂ ਅਤੇ 1 ਲੜਕੇ ਨੂੰ ਪੁੱਛ-ਪੜਤਾਲ ਲਈ ਥਾਣਾ ਗਿੱਦੜਬਾਹਾ ਵਿੱਚ ਲਿਆਂਦਾ ਹੈ। ਪੁਲੀਸ ਦੀ ਇਕ ਟੀਮ ਪੀੜਤ ਕੰਡਕਟਰ ਗੁਰਵਿੰਦਰ ਸਿੰਘ ਦੇ ਬਿਆਨ ਦਰਜ ਕਰਨ ਲਈ ਹਸਪਤਾਲ ਗਈ ਹੈ ਅਤੇ ਉਸਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।