ਮੰਡੀਆਂ ’ਚ ਕਣਕ ਦੀ ਤੁਲਾਈ ਤੇਜ਼ ਕਰਨ ਦੇ ਆਦੇਸ਼
ਜੋਗਿੰਦਰ ਸਿੰਘ ਮਾਨ
ਮਾਨਸਾ, 5 ਮਈ
ਪੰਜਾਬ ਅਤੇ ਹਰਿਆਣਾ ਵਿੱਚ ਮੋਹੇਲਧਰ ਮੀਂਹ ਅਤੇ ਗੜੇਮਾਰੀ ਦੀ ਸੰਤਰੀ ਅਤੇ ਪੀਲੀ ਚਿਤਾਵਨੀ ਦੇਣ ਦੇ ਬਾਵਜੂਦ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਵੱਡੀ ਪੱਧਰ ’ਤੇ ਕਣਕ ਦੀ ਫ਼ਸਲ ਭਿੱਜੀ ਗਈ ਹੈ। ਪੰਜਾਬ ਸਰਕਾਰ ਵੱਲੋਂ ਭਿੱਜ ਚੁੱਕੀ ਹਾੜੀ ਦੀ ਮੁੱਖ ਫ਼ਸਲ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਉਹ ਕਣਕ ਨੂੰ ਤੋਲਣ ਵਿੱਚ ਅਤੇ ਲਿਫਟਿੰਗ ਕਰਵਾਉਣ ਵਿੱਚ ਤੇਜ਼ੀ ਲਿਆਉਣ। ਜਿਹੜੇ ਖਰੀਦ ਕੇਂਦਰਾਂ ਵਿੱਚ ਕਣਕ ਨੂੰ ਢੱਕਣ ਲਈ ਤਰਪਾਲਾਂ ਦਾ ਬਕਾਇਦਾ ਬੰਦੋਬਸਤ ਨਹੀਂ ਹੈ, ਉਨ੍ਹਾਂ ਆੜ੍ਹਤੀਆਂ ਖਿਲਾਫ਼ ਕਾਰਵਾਈ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।
ਇਥੇ ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਦੇ ਮਾਨਸਾ ਸਮੇਤ ਬਰਨਾਲਾ, ਬਠਿੰਡਾ, ਮੋਗਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਹਜ਼ਾਰਾਂ ਪੇਂਡੂ ਖਰੀਦ ਕੇਂਦਰਾਂ ਵਿੱਚ ਅਜੇ ਵੀ ਕਣਕ ਵੱਡੀ ਪੱਧਰ ’ਤੇ ਤੁਲਣ ਅਤੇ ਲਿਫਟਿੰਗ ਹੋਣੋਂ ਪਈ ਹੈ। ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਈ ਕਣਕ ਦੀ ਪੰਜਾਬ ਮੰਡੀ ਬੋਰਡ ਰਾਹੀਂ ਇੱਕ ਵਿਸ਼ੇਸ ਰਿਪੋਰਟ ਵੀ ਅੱਜ ਮੰਗਵਾ ਲਈ ਹੈ ਤਾਂ ਜੋ ਮੰਡੀਆਂ ਵਿੱਚ ਕਣਕ ਦੀ ਸਹੀ ਆਮਦ ਦਾ ਪਤਾ ਲਗਾਇਆ ਜਾ ਸਕੇ।
ਉਧਰ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਗਈ ਕਣਕ ਦੀ ਨਿਰਵਿਘਨ ਖਰੀਦ ਜਾਰੀ ਹੈ, ਜਿਸ ਤਹਿਤ ਲੰਘੀ ਸ਼ਾਮ ਤੱਕ ਕਿਸਾਨਾਂ ਵੱਲੋਂ ਮੰਡੀਆਂ ਅੰਦਰ 6 ਲੱਖ 17 ਹਜ਼ਾਰ 820 ਮੀਟਰਕ ਟਨ ਕਣਕ ਲਿਆਂਦੀ ਗਈ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 6 ਲੱਖ 7 ਹਜ਼ਾਰ 371 ਮੀਟਰਕ ਟਨ ਕਣਕ ਦੀ ਖਰੀਦ ਵੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਦੇ ਬਦਲੇ ਕਿਸਾਨਾਂ ਨੂੰ 1398.50 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਮਾਨਸਾ ਦੇ ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀਆਂ ਅੰਦਰੋਂ ਕਣਕ ਦੀ ਲਿਫਟਿੰਗ ਦਾ ਕੰਮ ਵੀ ਨਿਰਧਾਰਿਤ ਸਮੇਂ ਅੰਦਰ ਨੇਪਰੇ ਚਾੜ੍ਹਿਆ ਜਾ ਰਿਹਾ ਹੈ।